ਅਫ਼ਗਾਨਿਸਤਾਨ 'ਚ ਫ਼ੌਜੀ ਕਾਰਵਾਈ ਅਜੇ ਵੀ ਜਾਰੀ-ਪਾਕਿ ਫ਼ੌਜ <br/>
ਅਜੀਤ ਡੈਸਕ
28-02-2026
ਅੰਮਿ੍ਤਸਰ, 27 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਅੱਜ ਦੇਰ ਸ਼ਾਮ ਮੀਡੀਆ ਸਾਹਮਣੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ 'ਚ ਫ਼ੌਜੀ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਇਹ ਕਾਰਵਾਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਆਦੇਸ਼ਾਂ 'ਤੇ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਆਪ੍ਰੇਸ਼ਨ ਗਜ਼ਬ-ਲਿਲ-ਹੱਕ 'ਚ ਬੀਤੀ ਰਾਤ ਤੋਂ ਹੁਣ ਤੱਕ 274 ਤਾਲਿਬਾਨ ਲੜਾਕੇ ਮਾਰੇ ਗਏ ਅਤੇ 400 ਤੋਂ ਵੱਧ ਜ਼ਖ਼ਮੀ ਹੋਏ ਹਨ | ਇਸ ਤੋਂ ਇਲਾਵਾ ਦੁਸ਼ਮਣ ਦੇ 115 ਟੈਂਕ, ਬਖਤਰਬੰਦ ਵਾਹਨ ਅਤੇ ਤੋਪਖ਼ਾਨੇ ਵੀ ਤਬਾਹ ਕੀਤੇ ਗਏ | ਜਦੋਂ ਕਿ ਇਨ੍ਹਾਂ ਹਮਲਿਆਂ 'ਚ ਸਿਰਫ਼ 12 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 27 ਜ਼ਖ਼ਮੀ ਹੋਏ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਅਫ਼ਗਾਨ ਤਾਲਿਬਾਨ ਸ਼ਾਸਨ ਦੀਆਂ 73 ਤੋਂ ਵੱਧ ਚੌਕੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਜਦੋਂ ਕਿ 18 ਚੌਕੀਆਂ ਪਾਕਿ ਫ਼ੌਜ ਨੇ ਕਬਜ਼ੇ 'ਚ ਲੈ ਲਈਆਂ | ਚੌਧਰੀ ਨੇ ਦਾਅਵਾ ਕੀਤਾ ਕਿ ਪਾਕਿ ਫ਼ੌਜਾਂ ਨੇ ਕਾਬੁਲ, ਕੰਧਾਰ, ਪਕਤੀਆ, ਖੋਸਤ ਅਤੇ ਪਕਤਿਕਾ 'ਚ 22 ਨਿਸ਼ਾਨਾਬੱਧ ਹਵਾਈ ਕਾਰਵਾਈਆਂ ਕੀਤੀਆਂ, ਜਿਨ੍ਹਾਂ 'ਚ ਤਾਲਿਬਾਨ ਸਰਕਾਰ ਦੇ ਬਿ੍ਗੇਡ ਹੈੱਡਕੁਆਟਰ, ਬਟਾਲੀਅਨ ਹੈੱਡਕੁਆਟਰ, ਸੈਕਟਰ ਹੈੱਡਕੁਆਟਰ ਅਤੇ ਹਥਿਆਰਾਂ ਦੇ ਡੀਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ | ਉੱਧਰ, ਅਫ਼ਗਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ | ਉਨ੍ਹਾਂ ਮੀਡੀਆ ਨੂੰ ਕਿਹਾ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਸਮੱਸਿਆ ਨੂੰ ਸ਼ਾਂਤੀ ਅਤੇ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ | ਹਾਲਾਂਕਿ, ਮੁਜਾਹਿਦ ਨੇ ਇਹ ਵੀ ਦੋਸ਼ ਲਗਾਇਆ ਕਿ ਪਾਕਿ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰ ਨਹੀਂ ਹੈ |