ਨਵੀਂ ਦਿੱਲੀ, 27 ਫਰਵਰੀ (ਪੀ.ਟੀ.ਆਈ.)-ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ 'ਚ ਹਾਲ ਹੀ 'ਚ ਆਏ ਉਥੋਂ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਨੇੜਿਓਾ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਪ੍ਰਸਤਾਵਿਤ ਅੰਤਰਿਮ ਵਪਾਰ ਸਮਝੌਤੇ 'ਚ ਇਹ ਵਿਵਸਥਾ ਹੈ ਕਿ ਜੇਕਰ ਹਾਲਾਤ ਬਦਲਦੇ ਹਨ ਤਾਂ ਸਮਝੌਤੇ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ | ਗੋਇਲ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸਾਰੇ ਵਪਾਰਕ ਭਾਈਵਾਲਾਂ 'ਤੇ 150 ਦਿਨਾਂ ਲਈ 10 ਫ਼ੀਸਦੀ ਦੀ ਅਸਥਾਈ ਆਯਾਤ ਡਿਊਟੀ ਲਗਾਉਣ ਤੋਂ ਬਾਅਦ ਆਇਆ ਹੈ | ਸੁਪਰੀਮ ਕੋਰਟ ਨੇ ਅਪ੍ਰੈਲ 2025 ਤੱਕ ਸਾਰੇ ਆਯਾਤ 'ਤੇ ਜਵਾਬੀ ਟੈਰਿਫ ਲਗਾਉਣ ਦੇ ਟਰੰਪ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ | ਇਸ ਤੋਂ ਬਾਅਦ 24 ਫਰਵਰੀ ਤੋਂ 10 ਫ਼ੀਸਦੀ ਦਾ ਇਹ ਅਸਥਾਈ ਟੈਰਿਫ ਲਾਗੂ ਹੋਇਆ | ਇਸ ਦੇ ਨਾਲ ਹੀ ਟਰੰਪ ਨੇ 24 ਫਰਵਰੀ ਨੂੰ ਇਹ ਵੀ ਕਿਹਾ ਕਿ ਉਹ ਇਨ੍ਹਾਂ ਟੈਰਿਫ ਨੂੰ ਵਧਾਕੇ 15 ਫ਼ੀਸਦੀ ਕਰ ਸਕਦੇ ਹਨ | ਜਦੋਂ ਪੱਤਰਕਾਰਾਂ ਨੇ ਗੋਇਲ ਨੂੰ ਪੁੱਛਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੀ ਭਾਰਤ ਦੀ ਗੱਲਬਾਤ ਦੀ ਸਥਿਤੀ ਬਦਲ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਦੇਖਣਾ ਹੋਵੇਗਾ | ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜੇਕਰ ਹਾਲਾਤ ਬਦਲਦੇ ਹਨ ਤਾਂ ਸਮਝੌਤੇ ਦੀ ਮੁੜ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਦੋਵੇਂ ਪੱਖਾਂ ਦੇ ਹਿੱਤ ਸੁਰੱਖਿਅਤ ਰਹਿਣ |