ਪੀ.ਐਸ.ਆਈ.ਈ.ਸੀ. ਉਦਯੋਗਿਕ ਪਲਾਂਟਾਂ ਦੀ ਮੰਗ ਲਗਾਤਾਰ ਵਧ ਰਹੀ-ਸੰਜੀਵ ਅਰੋੜਾ <br/>
ਅਜੀਤ ਡੈਸਕ
28-02-2026
ਚੰਡੀਗੜ੍ਹ, 27 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਨਿਗਮ ਵਲੋਂ ਪੰਜਾਬ ਭਰ ਦੇ ਵੱਖ-ਵੱਖ ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਾਸਤੇ ਰੱਖੀ ਗਈ ਈ-ਨਿਲਾਮੀ ਨੂੰ ਉਦਮੀਆਂ ਅਤੇ ਨਿਵੇਸ਼ਕਾਂ ਵੱਲੋਂ ਭਾਰੀ ਹੁੰਗਾਰਾ ਮਿਲਿਆ ਹੈ | ਸੰਜੀਵ ਅਰੋੜਾ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ 77 ਪਲਾਟ ਸਫ਼ਲਤਾਪੂਰਵਕ ਅਲਾਟ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਟਾਂ ਦੀ ਲਗਭਗ 72.50 ਕਰੋੜ ਰੁਪਏ ਦੀ ਮੂਲ ਕੀਮਤ ਦੇ ਮੁਕਾਬਲੇ 163.50 ਕਰੋੜ ਰੁਪਏ ਦੀਆਂ ਅੰਤਿਮ ਬੋਲੀਆਂ ਪ੍ਰਾਪਤ ਹੋਈਆਂ, ਜੋ ਰਾਖਵੀਂ ਕੀਮਤ ਨਾਲੋਂ ਦੁੱਗਣੇ ਤੋਂ ਜ਼ਿਆਦਾ ਵਾਧੇ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਵੱਡਾ ਹੁੰਗਾਰਾ ਸਪੱਸ਼ਟ ਤੌਰ 'ਤੇ ਉਦਯੋਗਿਕ ਸੰਪਤੀ ਦੀ ਵਧ ਰਹੀ ਮੰਗ, ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਅਤੇ ਇੱਕ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਦਰਸਾਉਂਦਾ ਹੈ |