ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)-ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਸੰਗਠਿਤ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਟ੍ਰਾਈਸਿਟੀ ਖੇਤਰ ਅਤੇ ਲੁਧਿਆਣਾ ਵਿਚ ਸਰਗਰਮ ਇਕ ਅੰਤਰਰਾਸ਼ਟਰੀ ਨਾਰਕੋਟਿਕਸ ਨੈੱਟਵਰਕ ਦਾ ਪਰਦਾਫਾਸ਼ ਇਸ ਦੇ ਛੇ ਮੁੱਖ ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਵਿਸ਼ੇਸ਼ ਕਰਕੇ ਸ਼ਹਿਰਾਂ 'ਚ ਰਹਿੰਦੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਵਿਦੇਸ਼ੀ ਮੂਲ ਦੇ ਪਾਰਟੀ ਡਰੱਗਜ਼ ਦੀ ਸਪਲਾਈ ਕਰਦੇ ਸਨ | ਇਹ ਜਾਣਕਾਰੀ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਿਸ਼ਵ, ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਵਜੋਂ ਹੋਈ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਦੇਸ਼ ਵਿਚ ਐਮ.ਡੀ.ਐਮ.ਏ. ਟੈਬਲੇਟ ਦੀ ਸਭ ਤੋਂ ਵੱਡੀਆਂ ਬਰਾਮਦਗੀਆਂ ਵਿਚੋਂ ਇਕ ਹੈ | ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਪਦਾਰਥਾਂ ਵਿਚ 1,215 ਐਮ.ਡੀ.ਐਮ.ਏ. ਟੈਬਲੇਟ, 263 ਗ੍ਰਾਮ ਕੋਕੀਨ, 82 ਗ੍ਰਾਮ ਮੈਥਾਫੈਟਾਮਾਈਨ (ਆਈਸ), ਵੱਖ-ਵੱਖ ਵੰਨਗੀਆਂ ਵਿਚ 1.2 ਕਿੱਲੋ ਟੀ.ਐਚ.ਸੀ., 16 ਗ੍ਰਾਮ ਮੈਜਿਕ ਮਸ਼ਰੂਮ ਅਤੇ 400 ਗ੍ਰਾਮ ਅਫ਼ੀਮ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਕਬਜ਼ੇ ਵਿਚੋਂ 9 ਲੱਖ ਰੁਪਏ ਦੀ 'ਡਰੱਗ ਮਨੀ' ਵੀ ਬਰਾਮਦ ਕੀਤੀ ਗਈ ਹੈ | ਡੀ.ਜੀ.ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਿੰਡੀਕੇਟ ਏਅਰ ਕੋਰੀਅਰ ਚੈਨਲਾਂ ਰਾਹੀਂ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥ ਮੰਗਵਾ ਕੇ ਇਸ ਦੀ ਅੱਗੇ ਸਪਲਾਈ ਅਤੇ ਪਤਾ ਲੱਗਣ ਤੋਂ ਬਚਣ ਲਈ ਏਨਕਿ੍ਪਟਡ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦਾ ਸੀ | ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ | ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਏ.ਐਨ.ਟੀ.ਐਫ. ਅਸ਼ਵਨੀ ਗੋਟਿਆਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਰਿਸ਼ਵ ਨਾਮੀ ਇਕ ਡਰੱਗ ਸਪਲਾਇਰ ਖਰੜ ਦੇ ਇਕ ਅਪਾਰਟਮੈਂਟ 'ਚੋਂ ਕਲੱਬ ਅਤੇ ਪਾਰਟੀ ਸਰਕਟਾਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਕੰਮ ਚਲਾ ਰਿਹਾ ਹੈ, ਜੋ ਮੁੱਖ ਤੌਰ 'ਤੇ ਟ੍ਰਾਈਸਿਟੀ ਖੇਤਰ ਦੇ ਨੌਜਵਾਨਾਂ ਨੂੰ ਇਹ ਨਸ਼ੀਲੇ ਪਦਾਰਥ ਵੇਚਦਾ ਹੈ | ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਯੋਜਨਾ ਬਣਾ ਕੇ ਉਕਤ ਜਗ੍ਹਾ 'ਤੇ ਛਾਪਾ ਮਾਰਿਆ, ਜਿਸ ਦੌਰਾਨ ਸ਼ੱਕੀ ਰਿਸ਼ਵ ਨੂੰ 1215 ਐਮ.ਡੀ.ਐਮ.ਏ. ਟੈਬਲੇਟ, 155 ਗ੍ਰਾਮ ਕੋਕੀਨ, 82 ਗ੍ਰਾਮ ਆਈ.ਸੀ.ਈ., 10 ਵੇਰੀਐਂਟ ਵਿਚ 973 ਗ੍ਰਾਮ ਟੀ.ਐਚ.ਸੀ., 16 ਗ੍ਰਾਮ ਮੈਜਿਕ ਮਸ਼ਰੂਮ, 400 ਗ੍ਰਾਮ ਅਫ਼ੀਮ ਅਤੇ 3 ਲੱਖ ਰੁਪਏ ਦੀ 'ਡਰੱਗ ਮਨੀ' ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਏ.ਆਈ.ਜੀ. ਨੇ ਕਿਹਾ ਕਿ ਹੋਰ ਜਾਂਚ ਦੌਰਾਨ ਲੁਧਿਆਣਾ ਵਿਚ ਇੱਕ ਵਿਸ਼ਾਲ ਡਿਸਟ੍ਰੀਬਿਊਸ਼ਨ ਮਾਡਿਊਲ ਦਾ ਪਤਾ ਲੱਗਿਆ, ਜੋ ਟ੍ਰਾਈਸਿਟੀ ਖੇਤਰ ਲਈ ਇਕ ਮੁੱਖ ਸਪਲਾਈ ਅਤੇ ਰੀ-ਡਿਸਟ੍ਰੀਬਿਊਸ਼ਟ ਹੱਬ ਵਜੋਂ ਕੰਮ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕੀਤੀਆਂ ਗਈਆਂ ਛਾਪੇਮਾਰੀਆਂ ਵਿਚ ਮੁੱਖ ਕਾਰਕੁਨਾਂ ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਨੂੰ 108 ਗ੍ਰਾਮ ਕੋਕੀਨ, 278 ਗ੍ਰਾਮ ਟੀ.ਐਚ.ਸੀ. ਅਤੇ 6 ਲੱਖ ਰੁਪਏ ਦੀ 'ਡਰੱਗ ਮਨੀ' ਸਮੇਤ ਗਿ੍ਫ਼ਤਾਰ ਕਰ ਲਿਆ ਗਿਆ |
ਏ.ਐਨ.ਟੀ.ਐਫ. ਵਲੋਂ ਅੰਤਰਰਾਸ਼ਟਰੀ ਨਾਰਕੋਟਿਕਸ ਨੈੱਟਵਰਕ ਦਾ ਪਰਦਾਫਾਸ਼-6 ਗਿ੍ਫ਼ਤਾਰ
ਅਜੀਤ ਡੈਸਕ
01-03-2026