21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰਵਿੰਦਰ ਸਿੰਘ ਦੀ ਹੱਤਿਆ ਕਰਨ ਵਾਲੇ ਦੋ ਸ਼ੂਟਰਾਂ 'ਚੋਂ ਇਕ ਗਿ੍ਫ਼ਤਾਰ ਮੁਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੱਤਿਆ ਦਾ ਮਾਮਲਾ <br/>

ਅਜੀਤ ਡੈਸਕ 01-03-2026
ਐੱਸ. ਏ. ਐੱਸ. ਨਗਰ, 28 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਪੁਲਿਸ ਨੇ ਬੀਤੀ 28 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੇਸ਼ੀ ਭੁਗਤ ਕੇ ਵਾਪਸ ਆ ਰਹੇ ਗੁਰਵਿੰਦਰ ਸਿੰਘ ਨਾਂਅ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਦੋ ਸ਼ੂਟਰਾਂ ਵਿਚੋਂ ਅੱਜ ਇਕ ਮੁਲਜ਼ਮ ਗੌਰਵ ਉਰਫ਼ ਬਾਵਾ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਉਸ ਨੂੰ ਪਨਾਹ ਦੇਣ ਵਾਲੇ ਉਸ ਦੇ ਵੱਡੇ ਭਰਾ ਪਿ੍ੰਸ ਨੂੰ ਵੀ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਮੁਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਅਮਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਭਗਤੂਪੁਰ (ਗੁਰਦਾਸਪੁਰ) ਦੇ ਬਿਆਨਾਂ ਦੇ ਆਧਾਰ 'ਤੇ ਗੈਂਗਸਟਰ ਗੋਲਡੀ ਬਰਾੜ ਸਮੇਤ 2 ਅਣਪਛਾਤੇ ਮੁਲਜ਼ਮਾਂ ਵਿਰੁੱਧ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਐੱਸ. ਐੱਸ. ਪੀ. ਨੇ ਦੱਸਿਆ ਕਿ ਗੰਭੀਰ ਅਪਰਾਧ ਹੋਣ ਕਰਕੇ ਵਾਰਦਾਤ ਵਾਲੇ ਦਿਨ ਤੋਂ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸੌਰਵ ਜਿੰਦਲ ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ ਕਪਤਾਨ ਪੁਲਿਸ (ਆਪ੍ਰੇਸ਼ਨ), ਸੁਖਨਾਜ ਸਿੰਘ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਮੁਹਾਲੀ ਅਤੇ ਰਾਜਨ ਪਰਮਿੰਦਰ ਸਿੰਘ ਉਪ-ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਅਤੇ ਥਾਣਿਆਂ ਦੀਆਂ ਟੀਮਾਂ ਲਗਾਈਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਉਰਫ਼ ਬਾਵਾ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼, ਇੰਸਪੈਕਟਰ ਅਮਨਦੀਪ ਕੰਬੋਜ ਮੁੱਖ ਅਫ਼ਸਰ ਥਾਣਾ ਆਈ. ਟੀ. ਸਿਟੀ, ਇੰਸਪੈਕਟਰ ਯੋਗੇਸ਼ ਕੁਮਾਰ ਮੁੱਖ ਅਫ਼ਸਰ ਥਾਣਾ ਫੇਜ਼-11 ਮੁਹਾਲੀ ਅਤੇ ਮੁੱਖ ਅਫ਼ਸਰ ਥਾਣਾ ਸੋਹਾਣਾ ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਨ ਉਪਰੰਤ ਜ਼ਿਲ੍ਹਾ ਮੋਗਾ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਉਰਫ਼ ਬਾਵਾ ਵਾਸੀ ਵਾ. ਨੰ. 2 ਆਵਾ ਬਸਤੀ ਫ਼ਿਰੋਜ਼ਪੁਰ ਦੀ ਪੁੱਛਗਿੱਛ ਤੋਂ ਖ਼ੁਲਾਸਾ ਹੋਇਆ ਹੈ ਕਿ ਉਹ ਵਿਦੇਸ਼ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ, ਵਿੱਕੀ ਸੱਟੇਵਾਲ ਅਤੇ ਰਵੀ ਫ਼ਰੀਦਕੋਟੀਆ ਦੇ ਸੰਪਰਕ ਵਿਚ ਕਰੀਬ 3-4 ਮਹੀਨੇ ਪਹਿਲਾਂ ਹੀ ਆਇਆ ਸੀ | ਮੁਲਜ਼ਮ ਗੌਰਵ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਵਲੋਂ ਭੇਜੇ ਗਏ ਇਕ ਹੋਰ ਮੁੱਖ ਮੁਲਜ਼ਮ ਨਾਲ ਮਿਲ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਦਾ ਵੱਡਾ ਭਰਾ ਪਿ੍ੰਸ ਜੋ ਕਿ ਥਾਣਾ ਸ਼ਹਿਰੀ ਫ਼ਿਰੋਜ਼ਪੁਰ ਵਿਖੇ ਦਰਜ ਇਕ ਮਾਮਲੇ ਵਿਚ 26 ਅਪ੍ਰੈਲ 2024 ਤੋਂ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਗੌਰਵ ਨੂੰ ਵੱਖ-ਵੱਖ ਥਾਵਾਂ 'ਤੇ ਠਾਹਰ ਦਿੰਦਾ ਸੀ, ਨੂੰ ਵੀ ਉਕਤ ਮੁਕੱਦਮੇ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਗਿ੍ਫ਼ਤਾਰ 2 ਮੁਲਜ਼ਮਾਂ ਬਲਤੇਜ ਸਿੰਘ ਉਰਫ਼ ਬੰਟੀ ਵਾਸੀ ਪਿੰਡ ਤੇਹਣਾ (ਫ਼ਰੀਦਕੋਟ) ਅਤੇ ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਾਬਾਦ (ਫ਼ਾਜ਼ਿਲਕਾ) ਸਮੇਤ ਹੁਣ ਤੱਕ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਇਕ ਹੋਰ ਅਹਿਮ ਮੁਲਜ਼ਮ ਜੋ ਕਿ ਇਨ੍ਹਾਂ ਦੋ ਸ਼ੂਟਰਾਂ 'ਚੋਂ ਇਕ ਸੀ, ਦੀ ਗਿ੍ਫ਼ਤਾਰੀ ਲਈ ਵੀ ਯਤਨ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਹੁਣ ਸਵੇਰੇ 8.30 ਵਜੇ ਲੱਗਣਗੇ ਸਕੂਲ ਅਗਲੀ ਖ਼ਬਰ ਈਰਾਨ-ਇਜ਼ਰਾਈਲ ਜੰਗ ਦਾ ਮਾਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।