ਐੱਸ. ਏ. ਐੱਸ. ਨਗਰ, 28 ਫਰਵਰੀ (ਕਪਿਲ ਵਧਵਾ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਮੁਹਾਲੀ ਵਲੋਂ ਇਕ ਵੱਡੀ ਕਾਰਵਾਈ ਦੌਰਾਨ ਅੱਤਵਾਦੀ ਮਡਿਊਲ ਦਾ ਪਰਦਾਫ਼ਾਸ਼ ਕਰਦੇ ਹੋਏ 2.5 ਕਿੱਲੋ ਆਰ. ਡੀ. ਐਕਸ ਨਾਲ ਲੈਸ ਧਮਾਕੇ ਲਈ ਤਿਆਰ ਇਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਰਾਮਦ ਕੀਤੀ ਗਈ ਹੈ | ਪੁਲਿਸ ਸੂਤਰਾਂ ਅਨੁਸਾਰ ਇਹ ਡਿਵਾਈਸ ਪੂਰੀ ਤਰ੍ਹਾਂ ਤਿਆਰ ਹਾਲਤ 'ਚ ਸੀ ਅਤੇ ਕਿਸੇ ਵੀ ਵੇਲੇ ਨਿਸ਼ਾਨੇ 'ਤੇ ਲਗਾਇਆ ਜਾ ਸਕਦਾ ਸੀ | ਇਹ ਕਾਰਵਾਈ ਏ. ਆਈ. ਜੀ. ਦੀਪਕ ਪਾਰਿਕ ਦੀ ਨਿਗਰਾਨੀ ਹੇਠ ਕੀਤੀ ਗਈ | ਪੁਲਿਸ ਅਨੁਸਾਰ ਬੀਤੀ 27 ਫਰਵਰੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਲਾਕੇ ਤੋਂ ਇਹ ਆਈ. ਈ. ਡੀ. ਬਰਾਮਦ ਕੀਤੀ ਗਈ | ਡਿਵਾਈਸ ਵਿਚ ਦੋਹਰਾ ਧਮਾਕਾ ਮਕੈਨਿਜ਼ਮ ਲੱਗਿਆ ਹੋਇਆ ਸੀ, ਜਿਸ 'ਚ ਇਕ ਵਾਕੀ-ਟਾਕੀ ਆਧਾਰਿਤ ਰਿਮੋਟ ਕੰਟਰੋਲ ਪ੍ਰਣਾਲੀ ਅਤੇ ਦੂਜਾ ਟਾਈਮਰ ਮਕੈਨਿਜ਼ਮ ਸ਼ਾਮਿਲ ਸੀ, ਜੋ ਕਿ ਪਹਿਲਾਂ ਤੋਂ ਹੀ ਫਿੱਟ ਸੀ | ਇਸ ਮਾਮਲੇ ਵਿਚ ਪੁਲਿਸ ਵਲੋਂ ਬੀਤੀ 22 ਫਰਵਰੀ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਮਹਾਂਵੀਰ ਕੁਮਾਰ ਉਰਫ਼ ਕਾਕਾ ਵਾਸੀ ਪਿੰਡ ਕਲਾਮ (ਮੌਜੂਦਾ ਵਾਸੀ ਪਿੰਡ ਛੋਟੀ ਥਲੀ/ਘਨੌਲੀ ਜ਼ਿਲ੍ਹਾ ਰੂਪਨਗਰ) ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਪਿੰਡ ਕਲਾਮ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਗਿ੍ਫ਼ਤਾਰੀ ਸਮੇਂ ਮਹਾਂਵੀਰ ਕੋਲੋਂ ਇਕ ਗਲੌਕ ਪਿਸਤੌਲ ਅਤੇ 9 ਐਮ. ਐਮ. ਦੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ | ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਮਹਾਂਵੀਰ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਉਕਤ ਆਈ. ਈ. ਡੀ. ਦੀ ਖੇਪ ਪ੍ਰਾਪਤ ਕਰਕੇ ਉਸ ਨੂੰ ਸ਼ਹੀਦ ਭਗਤ ਸਿੰਘ ਨਗਰ ਬਾਈਪਾਸ ਨੇੜੇ ਮਿੱਟੀ ਹੇਠ ਛੁਪਾਇਆ ਹੋਇਆ ਸੀ ਅਤੇ ਅੱਗੇ ਦੀਆਂ ਹਦਾਇਤਾਂ ਦੀ ਉਡੀਕ ਕਰ ਰਿਹਾ ਸੀ | ਉਸ ਦੀ ਨਿਸ਼ਾਨਦੇਹੀ 'ਤੇ 27 ਫਰਵਰੀ ਨੂੰ ਪੁਲਿਸ ਨੇ ਆਈ. ਈ. ਡੀ. ਅਤੇ ਰਿਮੋਟ ਕੰਟਰੋਲ ਜੰਤਰ ਬਰਾਮਦ ਕਰ ਲਿਆ | ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਗੋਪੀ ਨਵਾਂਸ਼ਹਿਰਿਆ, ਸੁਸ਼ਾਂਤ ਚੋਪੜਾ (ਮੂਲ ਵਾਸੀ ਰਹੋਣ ਤੇ ਹਾਲ ਵਾਸੀ ਅਮਰੀਕਾ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਪਿੰਡ ਕਲਾਮ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਨ | ਇਹ ਕਾਰਕੁੰਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ | ਇਹ ਸਾਰੇ ਵਿਅਕਤੀ ਵਿਦੇਸ਼ ਤੋਂ ਇਸ ਮੋਡਿਊਲ ਦੀ ਗਤੀਵਿਧੀਆਂ ਨੂੰ ਸਾਂਭ ਰਹੇ ਸਨ | ਦੋਵੇਂ ਮੁਲਜ਼ਮ ਇਸ ਵੇਲੇ ਐਸ. ਐਸ. ਓ. ਸੀ. ਕੋਲ ਪੁਲਿਸ ਰਿਮਾਂਡ 'ਤੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ |