ਗੁਰਦਾਸਪੁਰ, 28 ਫਰਵਰੀ (ਚੱਕਰਾਜਾ)-ਬੀਤੀ 21 ਫਰਵਰੀ ਨੂੰ ਆਦੀਆਂ ਚੈੱਕ ਪੋਸਟ 'ਤੇ ਦੋ ਪੁਲਿਸ ਕਰਮੀਆਂ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਵਲੋਂ ਪਿੰਡ ਆਦੀਆਂ ਦੇ ਹੀ ਵਸਨੀਕ ਰਣਜੀਤ ਸਿੰਘ ਨਾਂਅ ਦੇ ਨੌਜਵਾਨ ਦਾ ਮੁਕਾਬਲਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਮੁਕਾਬਲੇ ਨੂੰ ਲੈ ਕੇ ਇਲਾਕੇ ਅਤੇ ਪੂਰੇ ਸੂਬੇ ਅੰਦਰ ਪੁਲਿਸ ਖ਼ਿਲਾਫ਼ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਨਜ਼ਰ ਆ ਰਹੀਆਂ ਸਨ | ਰਣਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਜਨਤਕ ਜਥੇਬੰਦੀਆਂ ਵਲੋਂ ਇਸ ਮੁਕਾਬਲੇ ਨੂੰ ਝੂਠਾ ਤੇ ਗਲਤ ਦੱਸਦੇ ਹੋਏ ਲਗਾਤਾਰ ਜ਼ਿਲਾ ਪੁਲਿਸ ਗੁਰਦਾਸਪੁਰ ਨੂੰ ਘੇਰਿਆ ਜਾ ਰਿਹਾ ਸੀ | ਇਸ ਦੇ ਸੰਬੰਧ ਵਿਚ ਮਿ੍ਤਕ ਨੌਜਵਾਨ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਵਲੋਂ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਵਲੋਂ ਪੁਲਿਸ ਪਾਸੋਂ ਮੁਕਾਬਲੇ ਸੰਬੰਧੀ ਕੁਝ ਸਵਾਲ ਪੁੱਛੇ ਗਏ ਸਨ ਅਤੇ ਨਾਲ ਦੀ ਨਾਲ ਹੀ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਪੁੱਤਰ ਦਾ ਪੋਸਟਮਾਰਟਮ ਪੀ.ਜੀ.ਆਈ. ਜਾਂ ਕਿਸੇ ਹੋਰ ਉੱਚ ਸੰਸਥਾ ਤੋਂ ਕੈਮਰੇ ਦੀ ਨਿਗਰਾਨੀ ਹੇਠ ਕਰਵਾਇਆ ਜਾਵੇ | ਰਣਜੀਤ ਸਿੰਘ ਦੀ ਮਾਤਾ ਵਲੋਂ ਦਾਇਰ ਪਟੀਸ਼ਨ 'ਤੇ ਹੁਕਮ ਜਾਰੀ ਕਰਦੇ ਹੋਏ ਗੁਰਦਾਸਪੁਰ ਦੀ ਅਦਾਲਤ ਦੇ ਜੱਜ ਸੁਪਰੀਤ ਕੌਰ ਵਲੋਂ ਪੁਲਿਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਕਿ ਰਣਜੀਤ ਸਿੰਘ ਦੇ ਪਰਿਵਾਰ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਪੈਰਾ ਦਰ ਪੈਰਾ ਦਿੱਤੇ ਜਾਣ | ਇਸ ਦੇ ਨਾਲ ਨਾਲ ਅਦਾਲਤ ਵਲੋਂ ਸਿਵਲ ਸਰਜਨ ਗੁਰਦਾਸਪੁਰ ਨੂੰ ਵੀ ਰਣਜੀਤ ਸਿੰਘ ਦੀ ਮਿ੍ਤਕ ਦੇਹ ਨੂੰ ਪੂਰੀ ਸਾਂਭ ਸੰਭਾਲ ਨਾਲ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਰਿਵਾਰ ਵਲੋਂ ਇਕ ਮਾਰਚ ਨੂੰ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਕ ਵਿਚ ਧਰਨੇ ਦੀ ਕਾਲ ਦਿੱਤੀ ਗਈ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵੱਡਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ |