21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਹਿਲੇ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੇ ਨਿਰਮਾਣ ਕਾਰਜ ਸ਼ੁਰੂ

ਅਜੀਤ ਡੈਸਕ 01-03-2026

ਵਿਆਸਪੁਰ/ਯਮੁਨਾਨਗਰ, 28 ਫ਼ਰਵਰੀ (ਅਜੀਤ ਬਿਊਰੋ)-ਸੰਨ 1710 ਵਿਚ ਸਰਹਿੰਦ 'ਤੇ ਜਿੱਤ ਹਾਸਲ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਸਿੱਖ ਰਾਜ ਦਾ ਐਲਾਨ ਕਰਕੇ ਮੁਗਲ ਸ਼ਾਸਨ ਨੂੰ ਪੰਜਾਬ ਦੀ ਧਰਤੀ ਤੋਂ ਖਦੇੜ ਕੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਐਲਾਨਿਆ ਸੀ ਅਤੇ ਇਥੋਂ ਸੁਤੰਤਰ ਸਿੱਖ ਰਾਜ ਦੇ ਸਿੱਕੇ ਅਤੇ ਰਾਜ ਆਦੇਸ਼ਾਂ ਲਈ ਮੋਹਰ ਜਾਰੀ ਕਰਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਲੀਮੀ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ ਸੀ | ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਸਥਿਤ ਲੋਹਗੜ੍ਹ, ਜਿਸ ਨੂੰ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਬਣਨ ਦਾ ਮਾਣ ਹਾਸਲ ਹੈ, ਵਿਖੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੇ ਨਿਰਮਾਣ ਸੇਵਾ ਦਾ ਕਾਰਜ ਆਰੰਭ ਕੀਤੇ ਗਏ | ਗੁਰਬਾਣੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਅਤੇ ਜੈਕਾਰਿਆਂ ਦੀ ਗੂੰਜ ਵਿਚ ਪੰਜ ਪਿਆਰਿਆਂ ਨੇ ਆਪਣੇ ਕਰ ਕਮਲਾਂ ਨਾਲ ਪੰਜ ਇੱਟਾਂ ਰੱਖ ਕੇ ਨਿਰਮਾਣ ਸੇਵਾ ਦੀ ਸ਼ੁਰੂਆਤ ਕੀਤੀ | ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਫਾਊਾਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਮਨੋਹਰ ਲਾਲ ਖੱਟਰ, ਜਿਨ੍ਹਾਂ ਦੀ ਧਾਰਮਿਕ ਨਿਸ਼ਠਾ ਅਤੇ ਦੂਰਦਰਸ਼ਤਾ ਨਾਲ ਇਸ ਮੈਮੋਰੀਅਲ ਦੀ ਰੂਪਰੇਖਾ ਤਿਆਰ ਹੋਈ, ਵਲੋਂ ਅਤੇ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਤੇ ਫਾਊਾਡੇਸ਼ਨ ਦੇ ਟਰੱਸਟੀ ਕਨਵਰ ਪਾਲ ਗੁਰਜ਼ਰ ਨੇ ਵੀ ਇੱਟ ਰੱਖ ਕੇ ਸ਼ਹੀਦਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ | ਓ.ਐਸ.ਡੀ. ਪ੍ਰਭਲੀਨ ਸਿੰਘ, ਕੈਥਲ ਨਿਵਾਸੀ ਟਰੱਸਟੀ ਡਾ. ਸ਼ਿਵ ਸ਼ੰਕਰ ਸਿੰਘ ਪਾਹਵਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰੀ ਨੇ ਵੀ ਇੱਟਾਂ ਰੱਖ ਕੇ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਜਤਾਈ | ਜ਼ਿਕਰਯੋਗ ਹੈ ਕਿ ਤਿੰਨ ਸਦੀਆਂ ਬਾਅਦ ਇਸ ਪਵਿੱਤਰ ਸਥਾਨ ਦੇ ਇਤਿਹਾਸਕ ਮਹੱਤਵ ਨੂੰ ਦੁਬਾਰਾ ਜਾਗਰੂਕ ਕਰਨ ਦਾ ਸਿਹਰਾ ਕੇਂਦਰੀ ਮੰਤਰੀ ਮਨੋਹਰ ਲਾਲ ਜੀ ਨੂੰ ਜਾਂਦਾ ਹੈ | ਲੋਹਗੜ੍ਹ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਵਿਲੱਖਣ ਸ਼ਹਾਦਤ 'ਤੇ ਆਧਾਰਿਤ ਮਿਊਜ਼ੀਅਮ, ਮਾਰਸ਼ਲ ਆਰਟ ਅਕੈਡਮੀ, ਸਮੂਹਿਕ ਕੇਂਦਰ, ਬਾਬਾ ਜੀ ਦੀ ਮੂਰਤੀ, ਉਪਲਬਧ ਸ਼ਸਤਰਾਂ ਅਤੇ ਸਿੱਕਿਆਂ ਦੀਆਂ ਪ੍ਰਤਿਮੂਰਤੀਆਂ ਅਤੇ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਲਾਈਟ ਐਂਡ ਸਾਊਾਡ ਪ੍ਰੋਗਰਾਮ ਬਣਾਉਣ ਦੀ ਯੋਜਨਾ ਹੈ | ਸਾਬਕਾ ਮੰਤਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਿਗਰਾਨੀ ਕਮੇਟੀ ਦੇ ਚੇਅਰਮੈਨ ਕਨਵਰ ਪਾਲ ਗੁਰਜਰ ਨੇ ਕਿਹਾ ਕਿ ਹਰਿਆਣਾ ਸਰਕਾਰ ਲੋਹਗੜ੍ਹ ਸਮਾਰਕ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸੰਘਰਸ਼ ਅਤੇ ਸ਼ਹਾਦਤ ਬਾਰੇ ਜਾਣ ਸਕਣ | ਇਸ ਮੌਕੇ ਬਿਲਾਸਪੁਰ ਦੇ ਐਸ.ਡੀ.ਐਮ. ਜਸਪਾਲ ਸਿੰਘ, ਸਾਬਕਾ ਵਿਧਾਇਕ ਬਲਵੰਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਪਿਨ ਸਿੰਗਲਾ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ, ਬੀ.ਡੀ.ਪੀ.ਓ. ਵਿਆਸਪੁਰ ਸ਼ਿਆਮ ਲਾਲ ਅਤੇ ਚੇਅਰਮੈਨ ਠਾਟ ਸਿੰਘ ਸਮੇਤ ਹੋਰ ਵੀ ਮੌਜੂਦ ਸਨ |

ਪਿਛਲੀ ਖ਼ਬਰ 16ਵੀਂ ਬਰਸੀ 'ਤੇ ਵਿਸ਼ੇਸ਼ ਸ਼ਹੀਦ ਪਰਮਿੰਦਰ ਸਿੰਘ ਧੁੱਗਾ <br/> ਅਗਲੀ ਖ਼ਬਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।