ਦਸੂਹਾ-ਸ਼ਹੀਦ ਪਰਮਿੰਦਰ ਸਿੰਘ ਧੁੱਗਾ ਉਰਫ਼ ਬਿੰਦਰ ਦਾ ਜਨਮ 6 ਫਰਵਰੀ, 1976 ਨੂੰ ਪਿਤਾ ਸ. ਤਰਲੋਚਨ ਸਿੰਘ ਧੁੱਗਾ ਦੇ ਘਰ ਮਾਤਾ ਗੁਰਦੀਪ ਕੌਰ ਧੁੱਗਾ ਦੇ ਗ੍ਰਹਿ ਪਿੰਡ ਧੁੱਗਾ ਕਲਾਂ ਵਿਖੇ ਹੋਇਆ | ਉਨ੍ਹਾਂ ਮੁੱਢਲੀ ਪੜ੍ਹਾਈ ਪਿੰਡ ਧੁੱਗਾ ਕਲਾਂ ਤੋਂ ਪ੍ਰਾਪਤ ਕੀਤੀ ਅਤੇ ਉਚੇਰੀ ਸਿੱਖਿਆ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਤੋਂ ਪ੍ਰਾਪਤ ਕੀਤੀ | ਪੜ੍ਹਾਈ ਉਪਰੰਤ ਉਹ ਫ਼ੌਜ ਵਿਚ ਭਰਤੀ ਹੋ ਗਏ ਅਤੇ ਲਗਾਤਾਰ 17 ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਖੇ ਡਿਊਟੀ ਨਿਭਾਈ | ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਡਿਊਟੀ ਦੌਰਾਨ ਇਕ ਵਾਰ ਗੋਲੀ ਉਨ੍ਹਾਂ ਦੇ ਪੱਟ ਵਿਚ ਲੱਗ ਗਈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਆਪਣੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਅਤੇ ਲੋਹੇ ਦੇ ਚਣੇ ਚਬਾਉਂਦਿਆਂ ਆਪਣੇ ਦੇਸ਼ ਦੀ ਰਾਖੀ ਕੀਤੀ | ਇਸ ਦੌਰਾਨ ਉਹ ਵਿਭਾਗੀ ਤਰੱਕੀ ਲੈ ਕੇ ਹੌਲਦਾਰ ਬਣੇ | ਭਾਰਤ ਮਾਂ ਦਾ ਇਹ ਸਪੂਤ ਆਪਣੀ ਡਿਊਟੀ 'ਤੇ ਪੂਰੀ ਦਿ੍ੜ੍ਹਤਾ ਨਾਲ ਦੁਸ਼ਮਣ 'ਤੇ ਬਾਜ਼ ਵਾਂਗ ਅੱਖ ਰੱਖਦਿਆਂ 2 ਮਾਰਚ, 2010 ਨੂੰ ਚੀਨ ਦੀ ਸਰਹੱਦ 'ਤੇ ਸਿੱਕਮ ਵਿਖੇ ਸ਼ਹੀਦੀ ਜਾਮ ਪੀ ਗਿਆ ਤੇ ਭਾਰਤ ਮਾਂ ਦੀ ਗੋਦ ਵਿਚ ਸਦਾ ਲਈ ਸੌਂ ਗਿਆ | ਉਹ ਆਪਣੇ ਪਿੱਛੇ ਧਰਮ ਸੁਪਤਨੀ ਰੁਪਿੰਦਰ ਕੌਰ ਧੁੱਗਾ, ਇਕਲੌਤੀ ਨੰਨ੍ਹੀ ਬੇਟੀ ਏਕਨੂਰ ਕੌਰ ਅਤੇ ਮਾਤਾ-ਪਿਤਾ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ | ਸ਼ਹੀਦ ਪਰਮਿੰਦਰ ਸਿੰਘ ਧੁੱਗਾ ਨੂੰ ਸ਼ਹੀਦ ਹੋਇਆ ਭਾਵੇਂ 16 ਵਰੇ੍ਹ ਬੀਤ ਚੁੱਕੇ ਹਨ ਪਰ 'ਸ਼ਹੀਦੋ ਕੀ ਚਿਤਾਓਾ ਪਰ ਲਗੇਗੇ ਹਰ ਬਰਸ ਮੇਲੇ' ਅਨੁਸਾਰ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ | ਮਾਪਿਆਂ ਦੇ ਇਕਲੌਤੇ ਪੁੱਤਰ ਸ਼ਹੀਦ ਪਰਮਿੰਦਰ ਸਿੰਘ ਧੁੱਗਾ ਦੀ 16ਵੀਂ ਬਰਸੀ ਮੌਕੇ ਅਖੰਡ ਪਾਠ ਦੇ ਭੋਗ ਪਾ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ | ਭੁੱਲਰ