ਅੰਮਿ੍ਤਸਰ, 1 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਚਲ ਰਹੀ ਜੰਗ ਦੌਰਾਨ ਦੋਵਾਂ ਮੁਲਕਾਂ ਵਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ | ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਅਫ਼ਗਾਨ ਸ਼ਾਸਕਾਂ ਵਿਰੁੱਧ ਜਵਾਬੀ ਕਾਰਵਾਈ 'ਆਪ੍ਰੇਸ਼ਨ ਗਜ਼ਬ ਲਿਲ-ਹੱਕ' ਦੇ ਤੀਜੇ ਦਿਨ ਤੱਕ ਘੱਟੋ-ਘੱਟ 415 ਤਾਲਿਬਾਨ ਕਾਰਕੁਨਾਂ ਨੂੰ ਮਾਰ ਦਿੱਤਾ ਗਿਆ | ਕਾਰਵਾਈ ਬਾਰੇ ਇਕ ਅੱਪਡੇਟ ਸਾਂਝਾ ਕਰਦੇ ਹੋਏ ਤਰਾਰ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਿਆਂ 'ਚ 535 ਤੋਂ ਵੱਧ ਤਾਲਿਬਾਨ ਕਰਮਚਾਰੀ ਜ਼ਖਮੀ ਵੀ ਹੋਏ ਅਤੇ ਚੱਲ ਰਹੇ ਆਪ੍ਰੇਸ਼ਨਾਂ ਦੌਰਾਨ ਦੁਸ਼ਮਣ ਦੀਆਂ 130 ਚੌਕੀਆਂ ਤਬਾਹ ਹੋ ਗਈਆਂ | ਜਦਕਿ ਪਾਕਿਸਤਾਨੀ ਫ਼ੌਜਾਂ ਨੇ 26 ਚੌਕੀਆਂ ਨੂੰ ਕਬਜ਼ੇ ਵਿਚ ਲੈ ਲਿਆ | ਉਨ੍ਹਾਂ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਭਰ 'ਚ 41 ਥਾਵਾਂ ਨੂੰ ਹਵਾਈ ਹਮਲੇ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਤਾਲਿਬਾਨ ਫ਼ੌਜਾਂ ਦੇ 171 ਟੈਂਕ ਅਤੇ ਬਖਤਰਬੰਦ ਵਾਹਨ ਵੀ ਤਬਾਹ ਕਰ ਦਿੱਤੇ ਗਏ | ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਸਰਹੱਦ 'ਤੇ ਅਫ਼ਗਾਨ ਤਾਲਿਬਾਨ ਦੇ ਹਮਲੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇ ਰਹੀ ਹੈ ਅਤੇ ਆਪ੍ਰੇਸ਼ਨ ਗਜ਼ਬ ਲਿਲ-ਹੱਕ ਦੇ ਹਿੱਸੇ ਵਜੋਂ ਇਕ ਮੁੱਖ ਅਫ਼ਗਾਨ ਤਾਲਿਬਾਨ ਕੇਂਦਰੀ ਚੌਕੀ ਦਾ ਕੰਟਰੋਲ ਸੰਭਾਲ ਲਿਆ ਹੈ | ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਗਜ਼ਬ ਲਿਲ-ਹੱਕ ਜਾਰੀ ਹੈ ਅਤੇ ਸਾਰੇ ਨਿਰਧਾਰਿਤ ਉਦੇਸ਼ਾਂ ਨੂੰ ਪ੍ਰਾਪਤ ਹੋਣ ਤੱਕ ਜਾਰੀ ਰਹੇਗਾ |