ਨਵੀਂ ਦਿੱਲੀ, 1 ਮਾਰਚ (ਉਪਮਾ ਡਾਗਾ ਪਾਰਥ)-ਅਮਰੀਕਾ-ਈਰਾਨ ਜੰਗ ਦਰਮਿਆਨ ਕਾਂਗਰਸ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਅਤੇ ਈਰਾਨ ਸੰਕਟ 'ਤੇ ਭਾਰਤ ਦੇ ਪ੍ਰਤੀਕਰਮ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਦੀ ਦੇਸ਼ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ | ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਮੰਡਲੀ ਕਿੰਨਾ ਵੀ ਦਿਖਾਵਾ ਕਰ ਲਏ, ਹਕੀਕਤ ਇਹ ਹੈ ਕਿ ਆਪੇ ਬਣੇ ਵਿਸ਼ਵ ਗੁਰੂ ਦੀ ਅਗਵਾਈ 'ਚ ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੰੂ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਦੀ ਵਿਸ਼ਾ-ਵਸਤੂ ਅਤੇ ਉਸ ਦੇ ਤੌਰ-ਤਰੀਕਿਆਂ ਦੀ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ | ਕਾਂਗਰਸ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਪਾਕਿਸਤਾਨ ਦੇ ਨਾਲ ਆਪਣੀ ਨੇੜਤਾ ਲਗਾਤਾਰ ਵਧਾ ਰਹੇ ਹਨ ਅਤੇ ਵਾਰ-ਵਾਰ ਉਸੇ ਵਿਅਕਤੀ ਦੀ ਸ਼ਲਾਘਾ ਕਰ ਰਹੇ ਹਨ ਜਿਸ ਦੇ ਭੜਕਾਊ ਬਿਆਨਾਂ ਨੇ ਪਹਿਲਗਾਮ ਹਮਲੇ ਦਾ ਪਿਛੋਕੜ ਤਿਆਰ ਕੀਤਾ ਸੀ |