ਰਾਜਾਸਾਂਸੀ, 1 ਮਾਰਚ (ਹਰਦੀਪ ਸਿੰਘ ਖੀਵਾ)-ਈਰਾਨ-ਇਜ਼ਰਾਈਲ ਤੇ ਅਰਬ ਮੁਲਕਾਂ ਦਰਮਿਆਨ ਲੱਗੀ ਜੰਗ ਦੇ ਚਲਦਿਆਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮੁੜ ਉਡਾਣਾਂ ਰੱਦ ਹੋ ਗਈਆਂ | ਰੱਦ ਉਡਾਣਾਂ ਦੀ ਪੁਸ਼ਟੀ ਕਰਦਿਆਂ ਅੰਮਿ੍ਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਕਤ ਲੱਗੀ ਜੰਗ ਦੌਰਾਨ 11 ਕੌਮਾਂਤਰੀ ਉਡਾਣਾਂ ਰੱਦ ਹੋਈਆਂ ਹਨ | ਰੱਦ ਹੋਈਆਂ ਉਡਾਣਾਂ 'ਚ 2 ਦੋਹਾ ਕਤਰ, 4 ਏਅਰ ਇੰਡੀਆ ਐਕਸਪ੍ਰੈੱਸ, 2 ਸਪਾਈਸਜੈੱਟ, 2 ਇੰਡੀਗੋ ਤੇ 1 ਏਅਰ ਇੰਡੀਆ ਦੀਆਂ ਉਡਾਣਾਂ ਜੋ ਦੋਹਾ, ਦੁਬਈ, ਸ਼ਾਰਜਾਹ ਤੇ ਲੰਡਨ ਅੰਮਿ੍ਤਸਰ ਦਰਮਿਆਨ ਚੱਲਣੀਆਂ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਉਡਾਣਾਂ ਦੇ ਰੱਦ ਹੋਣ ਦੀ ਸੂਚਨਾ ਹਵਾਈ ਕੰਪਨੀਆਂ ਵਲੋਂ ਯਾਤਰੀਆਂ ਨੂੰ ਇਕ ਦਿਨ ਪਹਿਲਾਂ ਹੀ ਦੇ ਦਿੱਤੀ ਗਈ ਸੀ | ਇਸ ਦੌਰਾਨ ਹਵਾਈ ਅੱਡੇ 'ਤੇ ਟੈਕਸੀ ਡਰਾਈਵਰਾਂ ਤੇ ਕਾਰ ਪਾਰਕਿੰਗ ਦੇ ਸੁਪਰਵਾਈਜ਼ਰਾਂ ਨਾਲ ਜਦ 'ਅਜੀਤ' ਪ੍ਰਤੀਨਿਧ ਵਲੋਂ ਉਡਾਣਾਂ ਰੱਦ 'ਤੇ ਕਾਰੋਬਾਰ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ ਰਾਹੀਂ ਆਉਣ-ਜਾਣ ਵਾਲੇ ਯਾਤਰੀਆਂ ਨਾਲ ਹਵਾਈ ਅੱਡੇ 'ਤੇ ਰੁਜ਼ਗਾਰ ਮਿਲਦਾ ਹੈ ਜੋਕਿ ਪੂਰੀ ਤਰ੍ਹਾਂ ਠੱਪ ਹੁੰਦਾ ਨਜ਼ਰ ਆ ਰਿਹਾ ਤੇ ਉਕਤ ਉਡਾਣਾਂ ਦੇ ਰੱਦ ਹੋਣ ਕਾਰਨ ਉਨ੍ਹਾਂ ਦਾ 50 ਫੀਸਦੀ ਕਾਰੋਬਾਰ ਠੱਪ ਹੋ ਗਿਆ ਹੈ |