ਦੀਨਾਨਗਰ, 1 ਮਾਰਚ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਸੈਣੀ ਸਮਾਜ ਵਲੋਂ ਸਮਾਜ ਦੇ ਪ੍ਰਧਾਨ ਸੇਵਾ ਮੁਕਤ ਈ.ਟੀ.ਓ. ਜਗਦੀਸ਼ ਰਾਜ ਸੈਣੀ ਦੀ ਅਗਵਾਈ ਹੇਠ ਦੀਨਾਨਗਰ ਵਿਖੇ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ 'ਚ ਸੈਣੀ ਸਮਾਜ ਦੇ ਲੋਕ ਇਕੱਠੇ ਹੋਏ | ਸਮਾਗਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂਕਿ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੈਣੀ ਸਮਾਜ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਦਿਲਬਾਗ ਸਿੰਘ ਸੈਣੀ ਵੀ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਵਲੋਂ ਦੀਪ ਰੌਸ਼ਨ ਕਰਨ ਅਤੇ ਐਸ.ਐਸ.ਐਮ. ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਦੇ ਨਾਲ ਸ਼ੁਰੂ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਉਹ ਆਪਣੇ ਸੈਣੀ ਸਮਾਜ ਦੇ ਧੰਨਵਾਦੀ ਹਨ, ਜਿਨ੍ਹਾਂ ਦੇ ਅੱਜ ਦੇ ਸਮਾਗਮ ਰਾਹੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਣੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਜਿਸ ਓ.ਬੀ.ਸੀ. ਵਰਗ ਦਾ ਹਿੱਸਾ ਹਨ, ਉਸ ਦੀ ਆਬਾਦੀ ਪੰਜਾਬ ਅੰਦਰ 31 ਫੀਸਦੀ ਤੋਂ ਵੱਧ ਹੈ ਅਤੇ ਜੇਕਰ ਓ.ਬੀ.ਸੀ. ਸਮਾਜ ਇਕਜੁੱਟ ਹੋ ਕੇ ਚੱਲੇ ਤਾਂ ਇਹ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲਣ ਦੀ ਤਾਕਤ ਰੱਖਦਾ ਹੈ | ਉਨ੍ਹਾਂ ਕਿਹਾ ਕਿ ਰਾਜਨੀਤਿਕ ਸਮੀਕਰਨ ਬਦਲਣ ਦੀ ਲੋੜ ਹੈ | ਇਸ ਮੌਕੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਸੈਣੀ ਸਮਾਜ ਦੀਆਂ ਹੋਣਹਾਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪਰਮਿੰਦਰ ਸਿੰਘ ਸੈਣੀ ਨੇ ਨਿਭਾਈ | ਇਸ ਮੌਕੇ ਸੇਵਾ ਮੁਕਤ ਈ.ਟੀ.ਓ. ਜਗਦੀਸ਼ ਰਾਜ ਸੈਣੀ, ਰਘੁਬੀਰ ਸਿੰਘ ਸੈਣੀ, ਸੰਜੀਵ ਕੁਮਾਰ ਕਾਕਾ ਸੈਣੀ, ਅਸ਼ਵਨੀ ਸੈਣੀ ਰਾਏਪੁਰ, ਪਰਮਿੰਦਰ ਸਿੰਘ ਬਿੱਟੂ, ਹਰਦੀਪ ਸੈਣੀ, ਰਜਿੰਦਰ ਸੈਣੀ, ਸਾਬਕਾ ਆਈ.ਪੀ.ਐਸ. ਪ੍ਰਵੀਨ ਸੈਣੀ, ਡੀ.ਐਸ.ਪੀ. ਲਵਕੇਸ਼ ਸੈਣੀ, ਕੰਵਲਪ੍ਰੀਤ ਸਿੰਘ ਕਾਕੀ, ਲਵਲੀਨ ਸੈਣੀ, ਐਡਵੋਕੇਟ ਦਿਲਬਾਗ ਸਿੰਘ ਸੈਣੀ, ਕੁੰਵਰ ਰਵਿੰਦਰ ਸਿੰਘ ਵਿੱਕੀ, ਸਤਪਾਲ ਸੈਣੀ, ਵਿਵੇਕ ਵਿੱਕੀ, ਸਰਬਜੀਤ ਸਿੰਘ ਜਾਗੋਵਾਲ ਬਾਂਗਰ, ਬਖ਼ਤਾਵਰ ਸਿੰਘ ਲਾਧੂਪੁਰ, ਵਿਕਰਮਜੀਤ ਸੈਣੀ ਅਤੇ ਰਾਜ ਕੁਮਾਰ ਜਨਰਲ ਸਕੱਤਰ ਦੇ ਇਲਾਵਾ ਸੈਣੀ ਸਮਾਜ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ |