26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕੋਲੇ ਦੇ ਵਧੇ ਭਾਅ ਨੇ ਭੱਠਾ ਮਾਲਕਾਂ ਤੇ ਗਾਹਕਾਂ ਦਾ ਧੂੰਆਂ ਕਢਵਾਇਆ <br/>

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਪਹਿਲਾਂ ਹੀ ਮਜ਼ਦੂਰੀ, ਮਿੱਟੀ ਦੇ ਵਧੇ ਰੇਟਾਂ ਅਤੇ ਸਖ਼ਤ ਨਿਯਮਾਂ ਕਾਰਨ ਭੱਠਾ ਉਦਯੋਗ, ਭੱਠਾ ਮਾਲਕਾਂ ਅਤੇ ਗਾਹਕਾਂ ਲਈ ਬੋਝ ਬਣਿਆ ਹੋਇਆ ਹੈ, ਉਥੇ ਪਿਛਲੇ ਕੁਝ ਮਹੀਨਿਆਂ 'ਚ ਬੇਤਹਾਸ਼ਾ ਕੋਲੇ ਦੇ ਵਧੇ ਰੇਟਾਂ ਨੇ ਭੱਠਾ ਮਾਲਕਾਂ ਦਾ ਧੂੰਆ ਕਢਾ ਦਿੱਤਾ ਹੈ | ਭੱਠਾ ਮਾਲਕਾਂ ਦੇ ਬਣੇ ਇਸ ਸਮੂਹਿਕ ਦਬਾਅ ਕਾਰਨ ਇੱਟਾਂ ਦੇ ਲਗਾਤਾਰ ਵਧ ਰਹੇ ਰੇਟਾਂ ਕਾਰਨ ਜਿਥੇ ਆਮ ਆਦਮੀ ਦੇ ਘਰ ਬਣਾਉਣ ਦੇ ਸੁਪਨੇ ਨੂੰ ਸੁਪਨਾ ਬਣਾ ਦਿੱਤਾ ਹੈ, ਉਥੇ ਨਾਲ ਵਪਾਰਕ ਅਤੇ ਸਰਕਾਰੀ ਨਿਰਮਾਣ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਮੱਠੀ ਹੋਣ ਦੇ ਆਸਾਰ ਵੀ ਪੈਦਾ ਕਰ ਦਿੱਤੇ ਹਨ | ਪਿਛਲੇ ਸਾਲ ਜਿਹੜੇ ਕੋਲੇ ਦੇ ਰੇਟ ਲਗਭਗ 9700 ਪ੍ਰਤੀ ਟਨ ਦੇ ਕਰੀਬ ਸਨ, ਉਹ 20 ਦਿਨ ਪਹਿਲਾਂ 10,300 ਹੋ ਗਏ ਸਨ ਅਤੇ ਵਰਤਮਾਨ ਸਮੇਂ 20 ਦਿਨਾਂ 'ਚ ਇਹ ਰੇਟ ਵਧ ਕੇ 16,300 ਰੁਪਏ ਹੋ ਚੁੱਕੇ ਹਨ ਅਤੇ ਅੱਗੇ ਹੋਰ ਵਧਣ ਦੇ ਆਸਾਰ ਬਣ ਰਹੇ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਦਰਾਮਦ ਰੇਟ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਨਾ ਹੀ ਸ਼ਿਪਮੈਂਟ ਕਿਰਾਏ ਜਾਂ ਡਾਲਰ ਰੇਟ 'ਚ ਕੋਈ ਅਸਧਾਰਨ ਉਛਾਲ ਆਇਆ ਹੈ | ਫਿਰ ਵੀ ਦੇਸ਼ ਦੇ ਅੰਦਰ ਕੋਲੇ ਦੀ ਕੀਮਤ 'ਚ ਹੋਇਆ ਇਹ ਗੈਰ-ਵਾਜਬ ਵਾਧਾ ਗੰਭੀਰ ਹੈ | ਮਾਹਿਰਾਂ ਅਤੇ ਭੱਠਾ ਮਾਲਕਾਂ ਦੇ ਮੰਨਣਾ ਹੈ ਕਿ ਸਪਲਾਈ ਚੇਨ 'ਚ ਸਾਜ਼ਿਸ਼ੀ ਢੰਗ ਨਾਲ ਆਈ ਕਮੀ ਅਤੇ ਬਲੈਕਮੇਲਿੰਗ ਕਾਰਨ ਇਹ ਹਾਲਾਤ ਬਣੇ ਹੋ ਸਕਦੇ ਹਨ | ਇਨ੍ਹਾਂ ਹਾਲਤਾਂ 'ਚ ਇੱਟਾਂ ਦੇ ਭਾਅ ਸਾਲ ਪਹਿਲਾਂ 6500 ਦੇ ਕਰੀਬ ਸਨ ਉਹ ਹੁਣ 7000 ਤੋਂ ਲੈ ਕੇ 7500 ਤੱਕ ਵੀ ਹਨ | ਭੱਠਾ ਉਦਯੋਗ ਦੇ ਮਾਲਕਾਂ ਮੁਤਾਬਿਕ ਜੋ ਮਿੱਟੀ ਦੀ ਪਸੇਰ ਦੀ ਮਜ਼ਦੂਰੀ ਜੋ ਤਿੰਨ ਸਾਲ ਪਹਿਲਾਂ ਲਗਭਗ 700 ਸੀ, ਉਹ ਵਰਤਮਾਨ ਸਮੇਂ 933 ਹੈ | ਇਸੇ ਤਰ੍ਹਾਂ ਮਿੱਟੀ ਦੀ ਖ਼ਰੀਦ ਜੋ ਪ੍ਰਤੀ ਏਕੜ, ਪ੍ਰਤੀ ਫੁੱਟ 2021 ਵਿਚ 70,000 ਸੀ, ਉਹ ਵਰਤਮਾਨ ਸਮੇਂ 2,50,000 ਦੇ ਕਰੀਬ ਪੁੱਜ ਗਈ ਹੈ | ਇਸ ਤੋਂ ਇਲਾਵਾ ਨੈਸ਼ਨਲ ਗਰੀਨ ਟਿ੍ਬਿਊਨਲ ਅਤੇ ਸਰਕਾਰਾਂ ਦੀਆਂ ਸ਼ਰਤਾਂ ਨੂੰ ਵੀ ਭੱਠਾਂ ਮਾਲਕ ਪਿਛਲੇ ਲੰਮੇ ਸਮੇਂ ਤੋਂ ਨਾਹਪੱਖੀ ਮਨ ਰਹੇ ਹਨ | ਇਸ ਮੌਕੇ ਗੱਲ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਸ਼ ਗੁਪਤਾ, ਜਰਨਲ ਸੈਕਟਰੀ ਅਨੂਪ ਸਿੰਗਲਾ, ਖ਼ਜਾਨਚੀ ਸੰਜੀਵ ਬਾਂਸਲ ਨੇ ਕਿਹਾ ਭੱਠਾ ਇੰਡਸਟਰੀ ਇਸ ਵੇਲੇ ਕੋਲੇ ਦੀ ਬੇਹੱਦ ਵਧੀ ਹੋਈ ਕੀਮਤਾਂ ਅਤੇ ਬਲੈਕਮੇਲਿੰਗ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ | ਮੌਜੂਦਾ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਕਈ ਭੱਠਾ ਮਾਲਕ ਵਪਾਰ ਬੰਦ ਕਰਨ ਬਾਰੇ ਸੋਚਣ ਲਈ ਮਜਬੂਰ ਹੋ ਰਹੇ ਹਨ, ਜਿਸ ਕਰਕੇ ਇੱਟਾਂ ਦੇ ਰੇਟ 'ਚ ਵੀ ਵਾਧਾ ਲਾਜ਼ਮੀ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ | ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਤੁਰੰਤ ਦਖ਼ਲ ਦੇਕੇ ਇਸ ਮਾਮਲੇ ਦੀ ਜਾਂਚ ਕਰਵਾਏ ਅਤੇ ਭੱਠਾ ਇੰਡਸਟਰੀ ਨੂੰ ਬਚਾਉਣ ਲਈ ਯੋਗ ਕਦਮ ਚੁੱਕੇ ਤਾਂ ਜੋ ਉਦਯੋਗ ਅਤੇ ਆਮ ਜਨਤਾ ਦੋਵੇਂ ਨੂੰ ਰਾਹਤ ਮਿਲ ਸਕੇ | ਆਪਣਾ ਘਰ ਬਣਾ ਰਹੇ ਸ਼ਹਿਬਾਜ ਸਿੰਘ ਦਾ ਕਹਿਣਾ ਹੈ ਕਿ ਭੱਠਾਂ ਮਾਲਕ ਆਪਣੇ ਵਧੇ ਖ਼ਰਚਿਆਂ ਦਾ ਬੋਝ ਆਮ ਆਦਮੀ ਤੋਂ ਇੱਟਾਂ ਦੇ ਭਾਅ ਵਧਾ ਕੇ ਵਸੂਲ ਲੈਂਦੇ ਹਨ ਅਤੇ ਇਸ ਦਾ ਸਾਰਾ ਹਰਜਾਨਾ ਆਮ ਲੋਕਾਂ ਨੂੰ ਘਰ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਮੌਕੇ ਭਰਨਾ ਪੈਂਦਾ ਹੈ |

ਪਿਛਲੀ ਖ਼ਬਰ ਨਿਰਮਲ ਭੇਖ ਸੰਤ ਸਮਾਜ ਵਲੋਂ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ ਅਗਲੀ ਖ਼ਬਰ ਰਮੇਸ਼ ਸਿੰਘ ਅਰੋੜਾ ਬਣੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਪਹਿਲੇ ਸਿੱਖ ਉੱਪ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।