ਚੰਡੀਗੜ੍ਹ, 1 ਮਾਰਚ (ਅਜਾਇਬ ਸਿੰਘ ਔਜਲਾ)-ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ 'ਚ ਪਹਿਲੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ 2026 ਸਫਲਤਾਪੂਰਵਕ ਕਰਵਾਈ | ਇਸ ਵਿਚ ਭਾਰਤ ਤੇ ਵਿਦੇਸ਼ਾਂ ਤੋਂ ਲਗਭਗ 3,500 ਦੌੜਾਕਾਂ ਨੇ ਹਿੱਸਾ ਲਿਆ, ਜੋ ਚੰਡੀਗੜ੍ਹ ਦੇ ਖੇਡ ਕੈਲੰਡਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਹੈ | ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਦੇ ਨਾਲ ਅੱਜ ਸੈਕਟਰ 1 ਦੇ ਚੰਡੀਗੜ੍ਹ ਕਲੱਬ ਵਿਖੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ 5 ਕਿਲੋਮੀਟਰ ਸ਼੍ਰੇਣੀ 'ਚ ਵੀ ਹਿੱਸਾ ਲਿਆ | ਇਸ ਮੈਰਾਥਨ ਵਿਚ ਚਾਰ ਸ਼੍ਰੇਣੀਆਂ ਸ਼ਾਮਲ ਸਨ, ਜਿਨ੍ਹਾਂ ਵਿਚ 42 ਕਿਲੋਮੀਟਰ (ਪੂਰੀ ਮੈਰਾਥਨ), 21 ਕਿਲੋਮੀਟਰ (ਹਾਫ ਮੈਰਾਥਨ), 10 ਕਿਲੋਮੀਟਰ ਅਤੇ 5 ਕਿਲੋਮੀਟਰ | 323 ਭਾਗੀਦਾਰਾਂ ਨੇ 42 ਕਿਲੋਮੀਟਰ, 21 ਕਿਲੋਮੀਟਰ 'ਚ 740, 10 ਕਿਲੋਮੀਟਰ 'ਚ 1270 ਅਤੇ 5 ਕਿਲੋਮੀਟਰ 'ਚ 1168 ਨੇ ਹਿੱਸਾ ਲਿਆ | 8 ਦੇਸ਼ਾਂ ਦੇ 38 ਅੰਤਰਰਾਸ਼ਟਰੀ ਦੌੜਾਕਾਂ ਤੇ 21 ਅਪਾਹਜਾਂ ਦੀ ਭਾਗੀਦਾਰੀ ਨੇ ਇਸ ਨੂੰ ਇਕ ਸਮਾਵੇਸ਼ੀ ਅਤੇ ਵਿਸ਼ਵਵਿਆਪੀ ਖੇਡ ਸਮਾਗਮ ਬਣਾਇਆ | ਪੂਰੀ ਮੈਰਾਥਨ (42 ਕਿਲੋਮੀਟਰ) ਲਈ ਪਹਿਲਾ 7 ਲੱਖ, ਦੂਜਾ 5 ਲੱਖ, ਤੀਜਾ 3 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ | ਜਦਕਿ ਹਾਫ ਮੈਰਾਥਨ (21 ਕਿਲੋਮੀਟਰ) ਪਹਿਲਾ 4 ਲੱਖ, ਦੂਜਾ 3 ਲੱਖ, ਤੀਜਾ 1.5 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਸੀ | 10 ਕਿਲੋਮੀਟਰ ਦੌੜ ਪਹਿਲਾ 2 ਲੱਖ, ਦੂਜਾ 1.5 ਲੱਖ, ਤੀਜਾ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ | ਇਥੋਪੀਆ ਦੀ ਓਲਬਾਨਾ ਐਨ. ਯੇਡੇਟ ਤੇ ਮੇਸਕੇਰੇਮ ਟੇਸਫੇ ਫਿਕਾਡੂ ਨੇ ਕ੍ਰਮਵਾਰ ਪੁਰਸ਼ਾਂ ਤੇ ਮਹਿਲਾ ਵਰਗਾਂ 'ਚ ਪੂਰੀ ਮੈਰਾਥਨ ਜਿੱਤੀ | ਹਾਫ ਮੈਰਾਥਨ (21 ਕਿਲੋਮੀਟਰ) 'ਚ, ਭਾਰਤ ਦੇ ਹਰਮਨਜੋਤ ਸਿੰਘ ਤੇ ਇਥੋਪੀਆ ਦੇ ਤਿਸੇਹੇ ਡੇਸਾਲੇਨ ਨੇ ਕ੍ਰਮਵਾਰ ਪੁਰਸ਼ਾਂ ਤੇ ਮਹਿਲਾਵਾਂ ਦੇ ਖਿਤਾਬ ਜਿੱਤੇ | 10 ਕਿਲੋਮੀਟਰ ਦÏੜ ਵਿਚ, ਸਾਹਿਲ ਕਪੂਰ ਨੇ ਪੁਰਸ਼ਾਂ ਤੇ ਸੋਨੀਆ ਨੇ ਮਹਿਲਾਵਾਂ ਦੀਆਂ ਦÏੜਾਂ ਜਿੱਤੀਆਂ | ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ; ਪ੍ਰਸ਼ਾਸਕ ਦੀ ਖੇਡ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਸੰਜੇ ਟੰਡਨ; ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ; ਪੁਲਿਸ ਡਾਇਰੈਕਟਰ ਜਨਰਲ, ਚੰਡੀਗੜ੍ਹ, ਡਾ. ਸਾਗਰ ਪ੍ਰੀਤ ਹੁੱਡਾ; ਖੇਡ ਸਕੱਤਰ ਸ੍ਰੀਮਤੀ ਪ੍ਰੇਰਨਾ ਪੁਰੀ; ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ; ਖੇਡ ਨਿਰਦੇਸ਼ਕ ਸੌਰਭ ਕੁਮਾਰ ਅਰੋੜਾ; ਮੁੱਖ ਇੰਜੀਨੀਅਰ ਸੀ.ਬੀ. ਓਝਾ; ਓਲੰਪੀਅਨ ਗੁਰਜੰਟ ਸਿੰਘ (ਪੀ.ਸੀ.ਐਸ.) ਤੇ ਹੋਰ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ |