ਬਾਗ਼ੀ ਸਮੂਹ ਬਲੋਚਿਸਤਾਨ ਦੀ ਖਣਿਜ ਸੰਪਤੀ ਨੂੰ ਦੂਜੇ ਦੇਸ਼ਾਂ 'ਚ ਤਬਦੀਲ ਕਰਨ ਦਾ ਕਰ ਰਿਹਾ ਵਿਰੋਧ
ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਬੈਰਿਕ ਮਾਈਨਿੰਗ ਨੇ ਪਾਕਿਸਤਾਨ ਤੇ ਮੱਧ ਪੂਰਬ 'ਚ ਵਧਦੀਆਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸੂਬਾ ਬਲੋਚਿਸਤਾਨ 'ਚ ਰੇਕੋ ਡਿਕ ਤਾਂਬਾ-ਸੋਨਾ ਪ੍ਰਾਜੈਕਟ ਵਿਚ ਵਿਕਾਸ ਗਤੀਵਿਧੀਆਂ 'ਚ ਮੰਦੀ ਦਾ ਐਲਾਨ ਕੀਤਾ ਹੈ | ਕੰਪਨੀ ਨੇ ਕਿਹਾ ਕਿ ਬਲੋਚਿਸਤਾਨ 'ਚ ਬਲੋਚ ਹਥਿਆਰਬੰਦ ਸਮੂਹਾਂ ਦੁਆਰਾ ਹਮਲਿਆਂ 'ਚ ਵਾਧੇ ਤੋਂ ਬਾਅਦ ਫਰਵਰੀ ਵਿਚ ਸ਼ੁਰੂ ਹੋਏ ਪ੍ਰਾਜੈਕਟ ਦੀ ਚੱਲ ਰਹੀ ਸਮੀਖਿਆ ਨੂੰ ਹੁਣ ਜੁਲਾਈ ਤੋਂ 12 ਮਹੀਨਿਆਂ ਲਈ ਹੋਰ ਵਧਾ ਦਿੱਤਾ ਜਾਵੇਗਾ | ਨਤੀਜੇ ਵਜੋਂ ਪ੍ਰਾਜੈਕਟ ਲਈ ਪਹਿਲਾਂ ਐਲਾਨੀਆਂ ਗਈਆਂ ਸਮਾਂ-ਸੀਮਾਵਾਂ ਤੇ ਬਜਟ ਅਨੁਮਾਨ ਪ੍ਰਭਾਵਿਤ ਹੋਣ ਦੀ ਉਮੀਦ ਹੈ | ਅਫ਼ਗਾਨਿਸਤਾਨ ਅਤੇ ਈਰਾਨ ਦੀਆਂ ਸਰਹੱਦਾਂ ਦੇ ਨੇੜੇ ਬਲੋਚਿਸਤਾਨ ਦੇ ਚਗਾਈ ਜ਼ਿਲ੍ਹੇ 'ਚ ਸਥਿਤ ਰੇਕੋ ਡਿਕ ਨੂੰ ਦੁਨੀਆ ਦੇ ਸਭ ਤੋਂ ਵੱਡੇ ਅਣਵਿਕਸਤ ਤਾਂਬੇ ਅਤੇ ਸੋਨੇ ਦੇ ਭੰਡਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ | ਬੈਰਿਕ ਕੰਪਨੀ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਪ੍ਰਾਜੈਕਟ 'ਚ ਸ਼ਾਮਿਲ ਹੈ | ਕੰਪਨੀ ਦੇ ਅਧਿਕਾਰੀਆਂ ਅਨੁਸਾਰ ਪਾਕਿ ਦੇ ਰੇਕੋ ਡਿਕ ਮਾਈਨਿੰਗ ਪ੍ਰੋਜੈਕਟ 'ਚ ਅਮਰੀਕਾ ਨੇ 1.3 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ | ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਵੱਡਾ ਨਿਵੇਸ਼ 'ਪ੍ਰਾਜੈਕਟ ਵਾਲਟ' ਦੇ ਤਹਿਤ ਕੀਤਾ ਜਾਵੇਗਾ | ਅਧਿਕਾਰੀਆਂ ਨੇ ਮੰਨਿਆ ਕਿ ਪਾਕਿਸਤਾਨੀ ਫ਼ੌਜ ਨੂੰ ਇਸ ਖੇਤਰ 'ਚ ਬਾਗ਼ੀ ਸਮੂਹ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਤੋਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਬੈਰਿਕ ਮਾਈਨਿੰਗ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰੇਕੋ ਡਿਕ ਪ੍ਰਾਜੈਕਟ ਦੀ ਰਫ਼ਤਾਰ ਕੀਤੀ ਹੌਲੀ
ਬਲੋਚਿਸਤਾਨ ਦੇ 'ਰੇਕੋ ਡਿਕ ਪ੍ਰਾਜੈਕਟ' ਦੀ ਤਸਵੀਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/>
30-03-2026