16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਟੋਲ ਪਲਾਜ਼ਾ 'ਤੇ 'ਫਾਸਟੈਗ' ਫੇਲ੍ਹ, ਯਾਤਰੀਆਂ ਨੂੰ ਜਾਮ ਤੇ ਦੁੱਗਣੇ ਟੈਕਸ ਦਾ ਕਰਨਾ ਪੈਂਦਾ ਸਾਹਮਣਾ

ਅਜੀਤ ਡੈਸਕ 31-03-2026
ਮੰਡੀ ਗੋਬਿੰਦਗੜ੍ਹ, 30 ਮਾਰਚ (ਮੋਹਿਤ ਸਿੰਗਲਾ)-ਦੇਸ਼ ਦੇ ਰਾਸ਼ਟਰੀ ਹਾਈਵੇਜ ਅਤੇ ਐਕਸਪ੍ਰੈਸ-ਵੇਜ਼ 'ਤੇ ਨਵੇਂ ਜ਼ਮਾਨੇ ਦੀ ਰਫ਼ਤਾਰ ਨਾਲ ਵੱਧਦਾ ਯਾਤਰਾ ਪ੍ਰਵਾਹ ਟੋਲ ਪਲਾਜ਼ਿਆਂ 'ਤੇ ਆ ਕੇ ਰੁਕਦਾ ਨਜ਼ਰ ਆ ਰਿਹਾ ਹੈ | ਇਲੈਕਟ੍ਰਾਨਿਕ ਟੋਲ ਕੁਲੇਕਸ਼ਨ (ਈ.ਟੀ.ਸੀ.) ਅਤੇ ਫਾਸਟੈਗ ਵਰਗੀ ਆਧੁਨਿਕ ਪ੍ਰਣਾਲੀ ਕਈ ਥਾਵਾਂ 'ਤੇ ਉਮੀਦਾਂ 'ਤੇ ਖਰੀ ਨਹੀਂ ਉੱਤਰ ਰਹੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਕਈ ਟੋਲ ਪਲਾਜ਼ਿਆਂ 'ਤੇ ਜਦੋਂ ਫਾਸਟੈਗ ਰਾਹੀਂ ਭੁਗਤਾਨ ਨਹੀਂ ਹੋ ਪਾਉਂਦਾ ਤਾਂ ਟੋਲ ਕਰਮਚਾਰੀ ਵਾਹਨ ਚਾਲਕਾਂ 'ਤੇ ਦੋਗੁਣਾ ਟੋਲ ਦੇਣ ਲਈ ਦਬਾਅ ਬਣਾਉਂਦੇ ਹਨ | ਇਸ ਨਾਲ ਨਾ ਸਿਰਫ਼ ਤਕਰਾਰ ਦੀ ਸਥਿਤੀ ਪੈਦਾ ਹੁੰਦੀ ਹੈ, ਸਗੋਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਲੱਗ ਜਾਂਦੀਆਂ ਹਨ | ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ (ਐਨ.ਐਚ.ਏ.ਆਈ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਮੱਸਿਆ ਦੀ ਜੜ ਟੋਲ ਕੰਪਨੀਆਂ ਵਲੋਂ ਵਰਤੇ ਜਾ ਰਹੇ ਪੁਰਾਣੇ ਹਾਰਡਵੇਅਰ, ਸਾਫਟਵੇਅਰ ਤੇ ਆਰ.ਐਫ.ਆਈ.ਡੀ. ਰੀਡਰ ਹਨ | ਬਹੁਤ ਸਾਰੇ ਪਲਾਜ਼ਿਆਂ 'ਤੇ ਲੱਗੇ ਰੀਡਰ ਘੱਟ ਗੁਣਵੱਤਾ ਦੇ ਹਨ ਅਤੇ ਉਨ੍ਹਾਂ ਦੀ ਰੀਡਿੰਗ ਰੇਂਜ ਵੀ ਕਾਫੀ ਸੀਮਤ ਹੈ, ਜਿਸ ਕਾਰਨ ਵਾਹਨਾਂ ਨੂੰ ਸਕੈਨਰ ਦੇ ਬਿਲਕੁਲ ਹੇਠਾਂ ਰੁਕਣਾ ਪੈਂਦਾ ਹੈ | ਜਦੋਂ ਸਕੈਨਿੰਗ ਫੇਲ੍ਹ ਹੋ ਜਾਂਦੀ ਹੈ, ਤਾਂ ਫਾਸਟੈਗ ਵਿਚ ਖਾਮੀ ਦੱਸ ਕੇ ਦੋਗੁਣਾ ਟੋਲ ਵਸੂਲਿਆ ਜਾਂਦਾ ਹੈ | ਇਸ ਤੋਂ ਇਲਾਵਾ ਟੋਲ ਕੰਪਨੀਆਂ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੌਲੀ ਗਤੀ ਦਾ ਇੰਟਰਨੈੱਟ ਅਤੇ ਘੱਟ ਵਾਈ-ਫਾਈ ਬੈਂਡਵਿਡਥ ਵੀ ਇੱਕ ਵੱਡੀ ਸਮੱਸਿਆ ਹੈ | ਇਸ ਕਾਰਨ ਬੈਂਕ ਸਰਵਰ ਨਾਲ ਲੈਣ-ਦੇਣ ਵਿਚ ਦੇਰੀ ਹੁੰਦੀ ਹੈ | ਸਰਕਾਰ ਵਲੋਂ ਕਈ ਵਾਰ ਹਾਈ-ਸਪੀਡ ਇੰਟਰਨੈੱਟ ਅਤੇ ਈਟੀਸੀ ਢਾਂਚੇ ਨੂੰ ਅੱਪਗ੍ਰੇਡ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ, ਪਰ ਜਿਆਦਾਤਰ ਕੰਪਨੀਆਂ ਨੇ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ | ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਫਾਸਟੈਗ ਰੀਚਾਰਜ ਜਾਂ ਬਲੈਕਲਿਸਟ ਅਪਡੇਟ ਦੀ ਜਾਣਕਾਰੀ ਲੋਕਲ ਸਰਵਰ ਤੱਕ ਪਹੁੰਚਣ ਵਿਚ 15 ਤੋਂ 30 ਮਿੰਟ ਦਾ ਸਮਾਂ ਲੱਗਦਾ ਹੈ | ਇਸ ਦੇਰੀ ਕਰਕੇ ਟੋਲ ਪਲਾਜ਼ਿਆਂ 'ਤੇ ਯਾਤਰੀਆਂ ਅਤੇ ਕਰਮਚਾਰੀਆਂ ਵਿਚਕਾਰ ਤਕਰਾਰ ਵਧਦੀ ਹੈ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਇਸ ਦਰਮਿਆਨ ਲੋਕ ਲੇਖਾ ਸਮਿਤੀ ਨੇ ਆਪਣੀ ਰਿਪੋਰਟ ਵਿਚ ਫਾਸਟੈਗ ਪ੍ਰਣਾਲੀ ਦੀਆਂ ਖਾਮੀਆਂ ਨੂੰ 'ਗੰਭੀਰ ਸੰਸਥਾਗਤ ਨਾਕਾਮੀ' ਕਰਾਰ ਦਿੱਤਾ ਹੈ |
ਪਿਛਲੀ ਖ਼ਬਰ ਫਤਹਿਗੜ੍ਹ ਚੂੜੀਆਂ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ ਅਗਲੀ ਖ਼ਬਰ ਉੱਘੇ ਕਾਂਗਰਸੀ ਆਗੂ ਦੇ ਪੁੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।