ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਇਸਲਾਮਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਫ਼ੌਜਾਂ ਨੇ ਲੰਘੇ ਦਿਨ ਦੇਸ਼ ਦੇ ਕੁਨਾਰ ਸੂਬੇ ਦੇ ਅਸਦਾਬਾਦ ਸ਼ਹਿਰ ਦੇ ਬਾਹਰਵਾਰ ਗੋਲਾਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਤੋਂ ਵੱਧ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਕਾਂ ਵਿਚਕਾਰ ਝੜਪਾਂ ਅਜੇ ਵੀ ਜਾਰੀ ਹਨ | ਇਸ ਨੂੰ ਦਹਾਕਿਆਂ 'ਚ ਅਫ਼ਗਾਨਿਸਤਾਨ ਅਤੇ ਪਾਕਿ ਵਿਚਕਾਰ ਸਭ ਤੋਂ ਗੰਭੀਰ ਟਕਰਾਅ ਮੰਨਿਆ ਜਾ ਰਿਹਾ ਹੈ | ਪਾਕਿ ਦਾ ਦੋਸ਼ ਹੈ ਕਿ ਅਫ਼ਗਾਨਿਸਤਾਨ ਆਪਣੀ ਧਰਤੀ 'ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸਮੂਹ ਦੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਪਾਕਿਸਤਾਨ ਦੇ ਅੰਦਰ ਹਮਲੇ ਕਰਦੇ ਹਨ |