ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ 'ਚ ਘਿਰੇ ਈਰਾਨ ਨੇ ਪਾਕਿਸਤਾਨ ਨੂੰ ਹੋਰਮੁਜ਼ ਜਲਡਮਰੂ 'ਚ ਵੱਡੀ ਛੂਟ ਦਿੱਤੀ ਹੈ | ਈਰਾਨ ਨੇ 20 ਪਾਕਿਸਤਾਨੀ ਝੰਡੇ ਵਾਲੇ ਜਹਾਜ਼ਾਂ ਨੂੰ ਇਸ ਜਲਮਾਰਗ 'ਚੋਂ ਲੰਘਣ ਦੀ ਇਜਾਜ਼ਤ ਦੇਣ ਲਈ ਸਹਿਮਤੀ ਦਿੱਤੀ ਹੈ | ਪਾਕਿ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਇਸ ਬਾਰੇ 'ਚ ਐਲਾਨ ਕਰਦਿਆਂ ਇਸ ਨੂੰ ਇਕ ਰਚਨਾਤਮਿਕ ਅਤੇ ਵਿਸ਼ਵਾਸ ਵਧਾਉਣ ਵਾਲਾ ਕਦਮ ਦੱਸਿਆ | ਡਾਰ ਦਾ ਇਹ ਐਲਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਿਚਕਾਰ ਹੋਈ ਲੰਬੀ ਟੈਲੀਫ਼ੋਨ ਗੱਲਬਾਤ ਤੋਂ ਬਾਅਦ ਆਇਆ ਹੈ | ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਐਕਸ 'ਤੇ ਲਿਖਿਆ ਕਿ ਈਰਾਨੀ ਸਰਕਾਰ ਵਲੋਂ 20 ਪਾਕਿਸਤਾਨੀ ਝੰਡੇ ਵਾਲੇ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ 'ਚੋਂ ਲੰਘਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਦੋ ਜਹਾਜ਼ ਰੋਜ਼ਾਨਾ ਇਸ ਜਲਡਮਰੂ 'ਚੋਂ ਲੰਘਣਗੇ | ਉਨ੍ਹਾਂ ਅੱਗੇ ਕਿਹਾ ਕਿ ਇਹ ਸਕਾਰਾਤਮਿਕ ਐਲਾਨ ਸ਼ਾਂਤੀ ਵੱਲ ਇਕ ਮਹੱਤਵਪੂਰਨ ਕਦਮ ਹੈ ਅਤੇ ਇਸ ਦਿਸ਼ਾ 'ਚ ਸਾਡੇ ਸਮੂਹਿਕ ਯਤਨਾਂ ਨੂੰ ਹੋਰ ਮਜ਼ਬੂਤ ਕਰੇਗਾ |