26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਲ ਨੀਨੋ ਦਾ ਅਸਰ: ਬਿਜਲੀ ਦੀ ਮੰਗ ਵਿਚ ਤੇਜ਼ੀ, 2027 ਤੱਕ 6 ਫੀਸਦੀ ਵਾਧੇ ਦੀ ਸੰਭਾਵਨਾ

ਅਜੀਤ ਡੈਸਕ 12-04-2026
ਮੂਨਕ, 11 ਅਪ੍ਰੈਲ (ਕੇਵਲ ਸਿੰਗਲਾ)-ਦੇਸ਼ ਵਿਚ ਵਧ ਰਹੀ ਗਰਮੀ ਤੇ ਬਦਲਦੇ ਮੌਸਮੀ ਹਾਲਤਾਂ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਵਿਚ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ | ਤਾਜ਼ਾ ਰਿਪੋਰਟਾਂ ਮੁਤਾਬਿਕ ਮੌਜੂਦਾ ਵਿੱਤੀ ਸਾਲ ਦੌਰਾਨ ਬਿਜਲੀ ਦੀ ਖਪਤ ਵਿਚ ਕਰੀਬ 5.5 ਤੋਂ 6.5 ਫ਼ੀਸਦੀ ਤੱਕ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ | ਇਸ ਵਾਧੇ ਦੇ ਪਿੱਛੇ ਮੁੱਖ ਕਾਰਨ ਅਲ ਨੀਨੋ ਦੇ ਸੰਭਾਵਿਤ ਪ੍ਰਭਾਵ ਨੂੰ ਮੰਨਿਆ ਜਾ ਰਿਹਾ ਹੈ, ਜੋ ਦੇਸ਼ ਵਿਚ ਤਾਪਮਾਨ ਵਧਾਉਣ ਤੇ ਵਰਖਾ ਘਟਾਉਣ ਵਿਚ ਭੂਮਿਕਾ ਨਿਭਾ ਸਕਦਾ ਹੈ | ਰਿਪੋਰਟ ਅਨੁਸਾਰ 2027 ਦੇ ਵਿੱਤੀ ਸਾਲ ਤੱਕ ਦੇਸ਼ ਦੀ ਕੁੱਲ ਬਿਜਲੀ ਖਪਤ 1,815 ਤੋਂ 1,825 ਬਿਲੀਅਨ ਯੂਨਿਟ ਤੱਕ ਪਹੁੰਚ ਸਕਦੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਤੋਂ ਐਲ ਨੀਨੋ ਦਾ ਪ੍ਰਭਾਵ ਹੋਰ ਵੱਧ ਸਪਸ਼ਟ ਹੋ ਸਕਦਾ ਹੈ, ਜਿਸ ਨਾਲ ਗਰਮੀ ਵਿਚ ਤੇਜ਼ੀ ਆਵੇਗੀ ਤੇ ਏ.ਸੀ., ਕੂਲਰ ਵਰਗੇ ਸਾਧਨਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਮੰਗ ਵਿਚ ਵਾਧਾ ਹੋਵੇਗਾ | ਇਸ ਦੇ ਨਾਲ ਦੇਸ਼ ਦੀ ਮਜ਼ਬੂਤ ਆਰਥਿਕ ਵਾਧਾ ਦਰ ਵੀ ਬਿਜਲੀ ਦੀ ਮੰਗ ਨੂੰ ਉਤਸ਼ਾਹਿਤ ਕਰ ਰਹੀ ਹੈ | ਪਿਛਲੇ ਸਾਲ ਦੇ ਨੀਵੇਂ ਅਧਾਰ ਨਾਲ ਤੁਲਨਾ ਕਰਨ 'ਤੇ ਇਸ ਸਾਲ ਖਪਤ ਵਿਚ ਵਾਧਾ ਹੋਰ ਵੀ ਜ਼ਿਆਦਾ ਦਿਖਾਈ ਦੇ ਰਿਹਾ ਹੈ | ਮਾਰਚ ਮਹੀਨੇ ਵਿਚ ਬਿਜਲੀ ਦੀ ਮੰਗ ਲਗਭਗ 149 ਬਿਲੀਅਨ ਯੂਨਿਟ ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਵੱਧ ਹੈ ਅਤੇ ਪਿਛਲੇ ਕਈ ਸਾਲਾਂ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ | ਸਪਲਾਈ ਪੱਖੋਂ ਵੀ ਕੁਝ ਹੱਦ ਤੱਕ ਸੁਧਾਰ ਦੇ ਸੰਕੇਤ ਮਿਲੇ ਹਨ | ਮਾਰਚ ਮਹੀਨੇ ਵਿਚ ਬਿਜਲੀ ਉਤਪਾਦਨ ਵਿਚ ਕਰੀਬ 1.8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਹਾਲਾਂਕਿ ਕੋਲਾ ਅਜੇ ਵੀ ਬਿਜਲੀ ਉਤਪਾਦਨ ਦਾ ਮੁੱਖ ਆਧਾਰ ਬਣਿਆ ਹੋਇਆ ਹੈ ਅਤੇ ਕੁੱਲ ਉਤਪਾਦਨ ਵਿਚ ਇਸ ਦਾ ਹਿੱਸਾ ਲਗਭਗ 73 ਫ਼ੀਸਦੀ ਹੈ | ਦੂਜੇ ਪਾਸੇ, ਨਵੀਨੀਕਰਨਯੋਗ ਊਰਜਾ ਖੇਤਰ ਵਿਚ ਵੀ ਲਗਾਤਾਰ ਤਰੱਕੀ ਹੋ ਰਹੀ ਹੈ | 2026 ਦੇ ਵਿੱਤੀ ਸਾਲ ਦੌਰਾਨ ਦੇਸ਼ ਨੇ ਲਗਭਗ 50.9 ਗਿਗਾਵਾਟ ਨਵੀਂ ਨਵਨੀਕਰਨਯੋਗ ਸਮਰੱਥਾ ਜੋੜੀ ਹੈ, ਜੋ ਭਵਿੱਖ ਵਿਚ ਊਰਜਾ ਦੀ ਮੰਗ ਪੂਰੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ | ਅਲ ਨੀਨੋ ਦੇ ਪ੍ਰਭਾਵ ਨੂੰ ਦੇਖਦੇ ਹੋਏ ਖੇਤੀਬਾੜੀ ਖੇਤਰ 'ਤੇ ਵੀ ਚਿੰਤਾਜਨਕ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |
ਪਿਛਲੀ ਖ਼ਬਰ ਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ ਪ੍ਰਣਾਲੀ ਨੂੰ ਖ਼ਤਮ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ-ਲਾਡੀ ਅਗਲੀ ਖ਼ਬਰ ਕੌਮੀ ਹਿਤਾਂ ਦੀ ਪਹਿਰੇਦਾਰੀ ਲਈ ਨੌਜਵਾਨ ਪੀੜ੍ਹੀ ਨੂੰ ਬਾਣੀ-ਬਾਣੇ ਦੇ ਧਾਰਨੀ ਹੋਣ ਦੀ ਲੋੜ-ਜਥੇਦਾਰ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।