ਸੁਖਵਿੰਦਰ ਸਿੰਘ ਸ਼ਾਨ
ਚੰਡੀਗੜ੍ਹ, 30 ਅਪ੍ਰੈਲ-ਪੰਜਾਬ ਅੱਜ ਜਿਨ੍ਹਾਂ ਭੈੜੀਆਂ ਪ੍ਰਸਥਿਤੀਆਂ ਨਾਲ ਜੂਝ ਰਿਹਾ ਹੈ, ਉਨ੍ਹਾਂ ਵਿਚੋਂ ਬਾਹਰ ਨਿਕਲਣ ਲਈ ਸੂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਦੀ ਸਰਕਾਰ ਚਾਹੀਦੀ ਹੈ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਸਕੱਤਰ ਤਰੁੱਣ ਚੁੱਘ ਨੇ 'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ | ਤਰੁੱਣ ਚੁੱਘ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿਚ ਬਿਨ੍ਹਾਂ ਉਦੇਸ਼ ਅਤੇ ਯੋਜਨਾਵਾਂ ਵਾਲੀਆਂ ਸਰਕਾਰਾਂ ਬਣੀਆਂ ਹਨ, ਜਿਨ੍ਹਾਂ ਨੇ ਸੂਬੇ ਨੂੰ ਕਰਜ਼ੇ, ਗੈਂਗਸਟਰਵਾਦ, ਨਸ਼ੇ, ਬੇਰੁਜ਼ਗਾਰੀ, ਪ੍ਰਵਾਸ ਦੀ ਹਨੇਰੀ ਖੱਡ ਵਿਚ ਡੇਗ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਖੇਤਰ ਦਾ ਬੁਰਾ ਹਾਲ ਹੋਇਆ ਪਿਆ ਹੈ, ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੇ ਲੋਕਾਂ ਨੂੰ ਜਕੜ ਰੱਖਿਆ ਹੈ | ਇਨ੍ਹਾਂ ਸਥਿਤੀਆਂ ਵਿਚ ਪੰਜਾਬ ਇਕ ਬਿਮਾਰ ਸੂਬਾ ਬਣ ਗਿਆ ਹੈ | ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਸਿਹਤ ਖੇਤਰ ਦੇ ਵਿਕਾਸ ਦੇ ਦਾਅਵਿਆਂ 'ਤੇ ਟਿੱਪਣੀ ਕਰਦਿਆਂ ਚੁੱਘ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਵਿਚ ਇਕ ਵੀ ਨਵਾਂ ਸਕੂਲ ਨਹੀਂ ਬਣਾਇਆ, ਸਗੋਂ ਪੁਰਾਣੀਆਂ ਇਮਾਰਤਾਂ ਨੂੰ ਰੰਗ ਰੋਗਨ ਹੀ ਕੀਤਾ ਹੈ | ਸਕੂਲਾਂ ਵਿਚ ਵਿਦਿਆਰਥੀਆਂ ਦੇ ਲਈ ਢੁੱਕਵੇਂ ਅਧਿਆਪਕ ਨਹੀਂ ਹਨ | ਫਿਰ ਕਿੱਥੋਂ ਦੀ ਸਿੱਖਿਆ ਕ੍ਰਾਂਤੀ ਹੋਈ ਹੈ | ਉਨ੍ਹਾਂ ਕਿਹਾ ਕਿ ਸੂਬਾ ਕੈਂਸਰ ਅਤੇ ਲੀਵਰ ਖ਼ਰਾਬ ਹੋਣ ਜਿਹੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ, ਭਗਵੰਤ ਮਾਨ ਸਰਕਾਰ ਨੇ ਇਕ ਵੀ ਕੈਂਸਰ ਹਸਪਤਾਲ ਨਹੀਂ ਬਣਾਇਆ | 'ਆਪ' ਸਰਕਾਰ ਦੀ ਪ੍ਰਚਾਰੀ ਜਾ ਰਹੀ 10 ਲੱਖ ਪਰਿਵਾਰ ਦਾ ਬੀਮਾ ਯੋਜਨਾ ਵਿਚ ਕੇਵਲ 1 ਲੱਖ ਦਾ ਇਲਾਜ ਹੋ ਰਿਹਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਲੱਖ ਰੁਪਏ ਦਾ ਮੁਫ਼ਤ ਇਲਾਜ ਪ੍ਰਬੰਧ ਦੇਸ਼ ਭਰ ਵਿਚ ਕੀਤਾ ਗਿਆ ਹੈ | ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਇਕ ਕੈਂਸਰ ਹਸਪਤਾਲ ਮੋਹਾਲੀ ਵਿਖੇ, ਵਿਸ਼ੇਸ਼ ਹਸਪਤਾਲ ਬਠਿੰਡਾ ਤੇ ਦੋ ਮੈਡੀਕਲ ਕੇਂਦਰ ਕਪੂਰਥਲਾ ਤੇ ਹਿੁਸ਼ਆਰਪੁਰ ਵਿਚ ਬਣਾਏ ਹਨ ਤਾਂ ਜੋ ਪੰਜਾਬੀਆਂ ਨੂੰ ਚੰਗਾ ਇਲਾਜ ਦਿੱਤਾ ਜਾ ਸਕੇ | ਭਗਵੰਤ ਮਾਨ ਸਰਕਾਰ 'ਤੇ ਪੰਜਾਬ ਨੂੰ ਕਰਜ਼ੇ ਵਿਚ ਡੋਬਣ ਦਾ ਦੋਸ਼ ਲਾਉਂਦਿਆਂ ਤਰੁੱਣ ਚੁੱਘ ਨੇ ਕਿਹਾ ਕਿ ਰੇਤ ਖਣਨ ਵਿਚੋਂ 20 ਹਜ਼ਾਰ ਕਰੋੜ ਦਾ ਦਾਅਵਾ ਕਰਨ ਵਾਲੇ ਭਗਵੰਤ ਮਾਨ ਦੱਸਣ ਕਿ ਹੁਣ ਪੰਜਾਬ ਕੇਵਲ 800 ਕਰੋੜ ਕਮਾ ਰਹੀ ਤਾਂ ਬਾਕੀ ਦਾ ਪੈਸਾ ਕਿੱਥੇ ਜਾ ਰਿਹਾ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਖਣਨ ਤੋਂ ਪੈਸਿਆਂ ਦੇ ਅਟੈਚੀ ਲੈਣ ਦੇ ਦੋਸ਼ ਲਾਉਣ ਵਾਲੇ ਦੱਸਣ ਹੁਣ ਖਣਨ ਦੇ ਪੈਸਿਆਂ ਦੇ ਅਟੈਚੀ ਕਿੱਥੇ ਜਾ ਰਹੇ ਹਨ? ਈ.ਡੀ. ਦੇ ਡਰ ਕਾਰਨ ਭਾਜਪਾ 'ਚ ਆਗੂਆਂ ਨੂੰ ਸ਼ਾਮਲ ਕਰਾਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਨੇ ਕਿਹਾ ਕਿ ਇੰਡੀਆ ਅਗੇਂਸਟ ਕਰੱਪਸ਼ਨ ਮੁਹਿੰਮ ਸ਼ੁਰੂ ਕਰਨ ਵਾਲੇ ਸਾਰੇ ਆਗੂ ਅਰਵਿੰਦ ਕੇਜਰੀਵਾਲ ਦਾ ਸਾਥ ਤਾਂ ਪਹਿਲਾਂ ਹੀ ਛੱਡ ਗਏ ਸਨ, ਕਿਉਂਕਿ ਕੇਜਰੀਵਾਲ ਇਕ ਤਾਨਾਸ਼ਾਹ ਤੇ ਭਿ੍ਸ਼ਟ ਆਗੂ ਹੈ | ਚੁੱਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਤਨਾਸ਼ਾਹੀ ਅਤੇ ਗੈਰ ਲੋਕਤੰਤਰਿਕ ਸਰਕਾਰ ਹੈ, ਜੋ ਮੀਡੀਆ ਦੀ ਆਵਾਜ਼ ਨੂੰ ਕੁਚਲਨ ਲਈ ਸੰਪਾਦਕਾਂ 'ਤੇ ਵੀ ਝੂਠੇ ਪਰਚੇ ਦਰਜ ਕਰ ਰਹੀ ਹੈ | ਕਿਸਾਨਾਂ ਦੇ ਮੁੱਦੇ 'ਤੇ ਗੱਲ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਹਰਿਆਣਾ ਦੀ ਤਰਜ਼ 'ਤੇ ਪੰਜਾਬ ਵਿਚ 24 ਫ਼ਸਲਾਂ 'ਤੇ ਐਮ.ਐਸ.ਪੀ. ਭਾਜਪਾ ਸਰਕਾਰ ਵਲੋਂ ਲਾਗੂ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਕੱਢਿਆ ਜਾਵੇਗਾ | ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਚੁੱਘ ਨੇ ਕਿਹਾ ਕਿ ਭਾਜਪਾ ਕੋਲ ਪੰਜਾਬ ਦੇ ਲਈ ਰੋਡ ਮੈਪ ਹੈ | ਸੂਬੇ ਵਿਚ ਟੂਰਿਜ਼ਮ ਤੇ ਧਾਰਮਿਕ ਯਾਤਰਾ ਸਮੇਤ ਸਿਹਤ ਉਦਯੋਗ ਨੂੰ ਸਥਾਪਤ ਕੀਤਾ ਜਾਵੇਗਾ | ਖੇਤੀ, ਉਦਯੋਗ, ਵਪਾਰ ਅਤੇ ਸੇਵਾ ਖੇਤਰ ਨੂੰ ਆਪਸ ਵਿਚ ਜੋੜ ਕੇ ਲੋਕਾਂ ਦੀ ਤਰੱਕੀ ਦਾ ਨਵਾਂ ਰਾਹ ਬਣਾਇਆ ਜਾਵੇਗਾ |
ਭਾਜਪਾ ਕੋਲ ਹੈ ਪੰਜਾਬ ਦੇ ਵਿਕਾਸ ਲਈ ਵਿਸ਼ੇਸ਼ 'ਰੋਡ ਮੈਪ'-ਤਰੁਣ ਚੁੱਘ <br/>
ਅਜੀਤ ਡੈਸਕ
01-05-2026