ਰਾੜਾ ਸਾਹਿਬ (ਖੰਨਾ), 30 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ/ ਪ੍ਰੀਤਮ ਸਿੰਘ ਮੁਕੰਦਪੁਰੀ)-ਵਿਧਾਨ ਸਭਾ ਹਲਕਾ ਪਾਇਲ ਨਾਲ ਸੰਬੰਧਿਤ ਪਿੰਡ ਘਣਗਸ ਦੇ ਨੌਜਵਾਨ ਮਹਿਕ ਸਿੰਘ (ਮਿੱਠਾ) ਸਪੁੱਤਰ ਉਦੈ ਸਿੰਘ ਦੀ ਅਮਰੀਕਾ ਦੇ ਸ਼ਹਿਰ ਅਡਿਆਨਾ 'ਚ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ | ਜਦੋਂ 'ਅਜੀਤ' ਦੀ ਟੀਮ ਪਿੰਡ ਘਣਗਸ ਵਿਖੇ ਮਹਿਕ ਸਿੰਘ ਦੇ ਘਰ ਗਈ ਤਾਂ ਘਰ ਵਿਚ ਮਹਿਕ ਸਿੰਘ ਦੀ ਬਜ਼ੁਰਗ ਮਾਤਾ ਰਛਪਾਲ ਕੌਰ, ਚਾਚਾ ਖੜਕ ਸਿੰਘ ਅਤੇ ਤਾਇਆ ਪਵਿੱਤਰ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ | ਉਨ੍ਹਾਂ ਭਰੇ ਮਾਨ ਨਾਲ ਦੱਸਿਆ ਕਿ ਮਹਿਕ ਸਿੰਘ ਦੀ ਉਮਰ ਕਰੀਬ 30 ਕੁ ਸਾਲ ਸੀ ਤੇ ਉਹ 2 ਭਰਾ ਹਨ, ਵੱਡਾ ਭਰਾ ਇੱਥੇ ਆਪਣੇ ਪਿਤਾ ਨਾਲ ਕੰਮਕਾਜ ਕਰਦਾ ਹੈ, ਜਦਕਿ ਮਹਿਕ ਕਰੀਬ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ | ਉਨ੍ਹਾਂ ਦੱਸਿਆ ਕਿ 22 ਅਪ੍ਰੈਲ 2026 ਨੂੰ ਉਸਦੇ ਮਾਲਕ ਵਲੋਂ ਘਰ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਮਹਿਕ ਦੀ ਮੌਤ ਹੋ ਗਈ ਹੈ | ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਅਮਰੀਕਾ ਵਿਚ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਅਮਰੀਕਾ ਸਰਕਾਰ (ਵਿਦੇਸ਼ ਮੰਤਰਾਲੇ) ਨੂੰ ਅਪੀਲ ਕੀਤੀ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਮਹਿਕ ਦੀ ਮਿ੍ਤਕ ਦੇਹ ਨੂੰ ਪੰਜਾਬ ਲਿਆਉਣ ਲਈ ਕਾਰਵਾਈ ਕੀਤੀ ਜਾਵੇ |
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ <br/>
ਅਜੀਤ ਡੈਸਕ
01-05-2026