ਸ੍ਰੀ ਕੀਰਤਪੁਰ ਸਾਹਿਬ, ਬੁੰਗਾ ਸਾਹਿਬ, 30 ਅਪ੍ਰੈਲ (ਬੀਰ ਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਵਸਾਈ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ ਦੇ ਆਰੰਭ ਹੋਏ ਸਮਾਗਮਾਂ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸੰਗਤਾਂ ਨੇ ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਬਿਬਾਣਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸਮੇਤ ਹੋਰ ਪਵਿੱਤਰ ਅਸਥਾਨਾਂ 'ਤੇ ਨਤਮਸਤਕ ਹੋ ਕੇ ਅਰਦਾਸਾਂ ਕੀਤੀਆਂ | ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ, ਜਦਕਿ ਢਾਡੀ ਜਥਿਆਂ ਵਿਚ ਭਾਈ ਜਸਬੀਰ ਸਿੰਘ ਵਲਟੋਹਾ, ਭਾਈ ਜਗਦੀਸ਼ ਸਿੰਘ ਵਡਾਲਾ, ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਦਲਜੀਤ ਸਿੰਘ ਵਿਛੋਆ, ਭਾਈ ਸਤਪਾਲ ਸਿੰਘ ਐਮ.ਏ. ਅਤੇ ਭਾਈ ਹਰਨਰੈਣ ਸਿੰਘ ਲਹਿਰੀ ਨੇ ਸੰਗਤ ਨੂੰ ਵੀਰਤਾ ਭਰੇ ਇਤਿਹਾਸ ਨਾਲ ਜੋੜਿਆ | ਕਵੀਸ਼ਰ ਜਥਿਆਂ 'ਚ ਭਾਈ ਸਤਨਾਮ ਸਿੰਘ ਬੱਲੋਵਾਲੀ, ਭਾਈ ਲਖਵਿੰਦਰ ਸਿੰਘ ਦਰਦੀ, ਭਾਈ ਸੁੱਚਾ ਸਿੰਘ ਡੇਰਾ ਪਠਾਣਾਂ, ਭਾਈ ਮਲਕੀਤ ਸਿੰਘ ਵਰਪਾਲ, ਭਾਈ ਮੱਸਾ ਸਿੰਘ ਸਭਰਾ ਅਤੇ ਭਾਈ ਜਗਦੀਪ ਸਿੰਘ ਵੜੈਚ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰਮਤਿ ਸੰਦੇਸ਼ ਦਿੱਤਾ | ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਕਥਾ-ਵਿਚਾਰਾਂ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਦੇ ਵਿਸ਼ਾਲ ਇਤਿਹਾਸ 'ਤੇ ਚਾਨਣਾ ਪਾਇਆ | ਇਸੇ ਦੌਰਾਨ ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ ਵਿਖੇ ਮੁੱਖ ਪੰਡਾਲ ਵਿਚ ਰੈਣ ਸਬਾਈ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਅਖੰਡ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ | ਸ਼੍ਰੋਮਣੀ ਕਮੇਟੀ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਅਤੇ ਗੁਰ-ਇਤਿਹਾਸ ਨੂੰ ਦਰਸਾਉਂਦੀ ਚਿੱਤਰ ਪ੍ਰਦਰਸ਼ਨੀ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੀ | ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਸਮੇਤ ਵੱਖ-ਵੱਖ ਸੰਸਥਾਵਾਂ ਵਲੋਂ ਸਿਹਤ ਸੇਵਾਵਾਂ ਲਈ ਮੈਡੀਕਲ ਕੈਂਪ ਲਗਾਏ ਗਏ | ਇਸ ਮੌਕੇ ਦਲ ਬਾਬਾ ਬਿਧੀਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਗੁਰਦੇਵ ਸਿੰਘ ਤਰਨਾ ਦਲ ਸ਼ਹੀਦੀ ਬਾਗ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਨਿਹਾਲ ਸਿੰਘ ਦਲ ਬਾਬਾ ਬਿਧੀਚੰਦ, ਬਾਬਾ ਜਰਨੈਲ ਸਿੰਘ, ਅੰਤਿ੍ੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਗੁਰਮੀਤ ਸਿੰਘ ਬੂਹ, ਭਾਈ ਅਜੈਬ ਸਿੰਘ ਅਭਿਆਸੀ, ਰਾਮ ਸਿੰਘ ਮੁੰਬਈ, ਮੀਤ ਸਕੱਤਰ ਗੁਰਦਿਆਲ ਸਿੰਘ, ਗੁਰਨਾਮ ਸਿੰਘ, ਸੁਖਬੀਰ ਸਿੰਘ, ਇੰਚਾਰਜ ਕਾਰਜ ਸਿੰਘ, ਰਾਜਵਿੰਦਰ ਸਿੰਘ ਜੋਗਾ, ਚੀਫ ਜਗਦੀਸ਼ ਸਿੰਘ ਬੁੱਟਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਹਰਦੇਵ ਸਿੰਘ, ਸਿੱਖ ਚਿੰਤਕ ਤਲਵਿੰਦਰ ਸਿੰਘ ਬੁੱਟਰ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਅੱਜ ਪਹਿਲੀ ਮਈ ਨੂੰ ਹੋਣਗੇ ਮੁੱਖ ਸਮਾਗਮ
ਸ਼ਤਾਬਦੀ ਸਮਾਗਮਾਂ ਤਹਿਤ ਮੁੱਖ ਪ੍ਰੋਗਰਾਮ ਅੱਜ 1 ਮਈ ਨੂੰ ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ ਵਿਖੇ ਕਰਵਾਇਆ ਜਾਵੇਗਾ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਪੰਡਾਲ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸਮੇਤ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸੰਗਤ ਨੂੰ ਸੰਬੋਧਨ ਕਰਨਗੀਆਂ |
ਕੀਰਤਪੁਰ ਸਾਹਿਬ ਸ਼ਤਾਬਦੀ ਸਮਾਗਮਾਂ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ <br/>
ਅਜੀਤ ਡੈਸਕ
01-05-2026