ਚੰਡੀਗੜ੍ਹ, 30 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡਾ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪੰਜਾਬ ਵਿਚ ਨਹੀਂ ਰਹੇਗੀ ਅਤੇ ਅਗਲੇ ਕੱੁਝ ਦਿਨਾਂ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਹੀ ਸਰਕਾਰ ਡਿੱਗਣ ਦਾ ਡਰ ਹੈ, ਇਸੇ ਲਈ ਉਨ੍ਹਾਂ ਨੇ ਮਜ਼ਦੂਰ ਦਿਵਸ 'ਤੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਡਰਾਮਾ ਰਚਿਆ | ਉਨ੍ਹਾਂ ਕਿਹਾ ਕਿ ਇਸ ਦੀ ਆੜ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਬਚਾਉਣ ਲਈ ਫਲੋਰ ਟੈੱਸਟ ਕਰਵਾਉਣ ਜਾ ਰਹੇ ਹਨ | ਮੁੱਖ ਮੰਤਰੀ ਜਾਣਦੇ ਹਨ ਕਿ ਉਨ੍ਹਾਂ ਦੇ ਕਈ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ ਤੇ ਪਾਰਟੀ ਛੱਡ ਸਕਦੇ ਹਨ | ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਕਿ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ, ਪਰ ਕਾਂਗਰਸ ਦਾ ਕੋਈ ਵੀ ਸੰਸਦ ਮੈਂਬਰ ਜਾਂ ਕਾਂਗਰਸੀ ਵਿਧਾਇਕ ਭਾਜਪਾ ਵਿਚ ਸ਼ਾਮਿਲ ਨਹੀਂ ਹੋਣ ਵਾਲਾ ਹੈ | ਕਿਉਂਕਿ ਜੋ ਪਹਿਲਾਂ ਚਲੇ ਗਏ ਉਨ੍ਹਾਂ ਕਾਂਗਰਸੀ ਆਗੂਆਂ ਦੀ ਦੁਰਦਸ਼ਾ ਸਾਰਿਆਂ ਨੂੰ ਪਤਾ ਹੈ |
ਰੰਧਾਵਾ ਦਾ ਵੱਡਾ ਦਾਅਵਾ-ਪੰਜਾਬ 'ਚ ਡਿੱਗ ਜਾਵੇਗੀ 'ਆਪ' ਸਰਕਾਰ, ਲਾਗੂ ਹੋ ਸਕਦੈ ਰਾਸ਼ਟਰਪਤੀ ਸ਼ਾਸਨ <br/>
ਅਜੀਤ ਡੈਸਕ
01-05-2026