19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਰਾਤ ਵੇਲੇ ਐਮਰਜੈਂਸੀ ਸੇਵਾਵਾਂ ਨਾ ਮਿਲਣ 'ਤੇ ਮਰੀਜ਼ ਔਖੇ

ਅਜੀਤ ਡੈਸਕ 05-05-2026
ਪਟਿਆਲਾ, 4 ਮਈ (ਮਨਦੀਪ ਸਿੰਘ ਖਰੌੜ)-ਅਜੋਕੇ ਦੌਰ 'ਚ ਕਿਸੇ ਵੀ ਵਿਅਕਤੀ ਨੂੰ ਰਾਤ ਸਮੇਂ ਐਮਰਜੈਂਸੀ ਹਾਲਾਤ/ਹਾਦਸਾ ਦੀ ਸੂਰਤ 'ਚ ਹਸਪਤਾਲ ਜਾਣਾ ਪੈ ਸਕਦਾ ਹੈ | ਅਜਿਹੀ ਸਥਿਤੀ 'ਚ ਜੇਕਰ ਹਸਪਤਾਲ 'ਚ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਜਿਥੇ ਮਰੀਜ਼ ਦੀ ਤਕਲੀਫ਼ ਵਧਦੀ ਹੈ ਉੱਥੇ ਹੀ ਕਈ ਵਾਰ ਜ਼ਿਆਦਾ ਗੰਭੀਰ ਮਰੀਜ਼ ਮੌਤ ਦਾ ਸ਼ਿਕਾਰ ਬਣ ਜਾਂਦੇ ਹਨ | ਇਸ ਸੰਬੰਧੀ 'ਅਜੀਤ' ਦੀ ਟੀਮ ਵਲੋਂ ਜਦੋਂ ਪੰਜਾਬ ਦੇ ਦਰਜਨ ਤੋਂ ਵਧ ਜ਼ਿਲਿ੍ਹਆਂ 'ਚ ਦੇਰ ਰਾਤ ਵੱਖ-ਵੱਖ ਐਮਰਜੈਂਸੀ ਹਾਲਾਤਾਂ ਕਾਰਨ ਹਸਪਤਾਲ 'ਚ ਪਹੁੰਚੇ ਮਰੀਜ਼ਾਂ ਤੇ ਉਨ੍ਹਾਂ ਦੇ ਸੰਬੰਧੀਆਂ ਨਾਲ ਸੰਪਰਕ ਕਰਕੇ ਸਰਕਾਰੀ ਹਸਪਤਾਲ 'ਚ ਮਿਲਣ ਵਾਲੀਆਂ ਮੁੱਢਲੀਆਂ ਸਹੂਲਤਾਂ ਸਮੇਤ ਡਾਕਟਰੀ ਇਲਾਜ ਦੀ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਜ਼ਿਆਦਾਤਰ ਪੀੜਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਰੀਜ਼ਾਂ ਨੂੰ ਦੇਰ ਰਾਤ ਸਮੇਂ ਡਾਕਟਰਾਂ ਵਲੋਂ ਦੇਖਿਆ ਨਹੀਂ ਗਿਆ ਤੇ ਜੇਕਰ ਦੇਖਿਆ ਵੀ ਗਿਆ ਤਾਂ ਉੱਥੇ ਐਮ.ਆਰ.ਆਈ., ਐਕਸ-ਰੇ ਨਹੀਂ ਹੋਏ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੀ ਨਹੀਂ ਮਿਲੀਆਂ | ਇਸ ਬਾਬਤ ਇਕ ਮਰੀਜ਼ ਦੇ ਲੜਕੇ ਮਨੀ ਨੇ ਹਸਪਤਾਲ ਦਾ ਨਾਂਅ ਦੱਸੇ ਬਿਨਾਂ ਦੱਸਿਆ ਕਿ ਉਸ ਦੇ ਪਿਤਾ ਨਾਲ ਹਾਦਸਾ ਹੋ ਗਿਆ ਸੀ ਅਤੇ ਉਹ ਦੇਰ ਰਾਤ ਜਦੋਂ ਸਰਕਾਰੀ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਡਾਕਟਰਾਂ ਨੇ ਐਮ.ਆਰ.ਆਈ. ਕਰਵਾਉਣ ਲਈ ਕਿਹਾ ਪਰ ਉੱਥੇ ਐਮ.ਆਰ.ਆਈ. ਨਹੀਂ ਹੋ ਸਕੀ ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਇਲਾਜ ਕਰਵਾਉਣ ਲਈ ਜਾਣਾ ਪਿਆ | ਹੋਰ ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਾਤ ਸਮੇਂ ਹੱਡੀਆਂ ਦੇ ਮਾਹਿਰ, ਨਿਊਰੋ ਸਰਜਨ, ਗੁਰਦੇ ਤੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਮਾਹਿਰ ਡਾਕਟਰ ਨਹੀਂ ਮਿਲਦੇ ਅਤੇ ਕਈ ਮਰੀਜ਼ਾਂ ਵਲੋਂ ਅਲਟਰਾਸਾਊਾਡ ਵੀ ਸਮੇਂ ਸਿਰ ਨਾ ਹੋਣ ਦੀ ਸ਼ਿਕਾਇਤ ਕੀਤੀ ਗਈ | ਵੱਖ-ਵੱਖ ਜ਼ਿਲਿ੍ਹਆਂ ਨਾਲ ਸੰਬੰਧਿਤ ਹੋਰ ਮਰੀਜ਼ਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਰਾਤ ਵੇਲੇ ਜਦੋਂ ਪਹੁੰਚਦੇ ਹਾਂ ਤਾਂ ਕਹਿੰਦੇ ਹਨ ਕਿ ਸੀਨੀਅਰ ਡਾਕਟਰ ਅਜੇ ਆਉਣਗੇ ਤੇ ਉੱਥੇ ਜੂਨੀਅਰ ਡਾਕਟਰ ਜਾਂ ਹੋਰ ਅਮਲਾ ਮੌਜੂਦ ਹੁੰਦਾ ਹੈ | ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਵਿਭਾਗ 'ਚ ਡਾਕਟਰਾਂ ਤੇ ਹੋਰ ਅਮਲੇ ਦੀ ਡਿਊਟੀ ਸਾਰੀ ਰਾਤ ਯਕੀਨੀ ਬਣਾਈ ਜਾਵੇ |
ਖ਼ਾਮੀਆਂ ਕੀਤੀਆਂ ਜਾਣਗੀਆਂ ਦੂਰ-ਸਿਹਤ ਮੰਤਰੀ
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਵਿਭਾਗਾਂ 'ਚ ਰਾਤ ਵੇਲੇ ਡਾਕਟਰ ਤੇ ਹੋਰ ਅਮਲਾ ਤਿਆਰ ਰਹਿੰਦਾ ਹੈ ਪਰ ਜੇਕਰ ਕਿਸੇ ਵੀ ਹਸਪਤਾਲ 'ਚ ਕੋਈ ਆਪਣੀ ਡਿਊਟੀ 'ਚ ਕੋਤਾਹੀ ਕਰ ਰਿਹਾ ਹੈ ਜਾਂ ਫੇਰ ਕੋਈ ਹੋਰ ਖ਼ਾਮੀ ਪਾਈ ਜਾ ਰਹੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ | ਕਿਉਂਕਿ ਸਿਹਤ ਦੇ ਮਾਮਲੇ 'ਚ ਪੰਜਾਬ ਸਰਕਾਰ ਕਿਸੇ ਪ੍ਰਕਾਰ ਦੀ ਅਣਗਹਿਲੀ ਅਤੇ ਗੈਰ-ਜ਼ਿੰਮੇਵਾਰੀ ਬਰਦਾਸ਼ਤ ਨਹੀਂ ਕਰੇਗੀ |
ਪਿਛਲੀ ਖ਼ਬਰ ਜਨਗਣਨਾ ਸੰਬੰਧੀ ਪ੍ਰਫ਼ਾਰਮੇ 'ਚ ਐੱਸ. ਸੀ. ਜਾਤੀਆਂ ਨੂੰ ਅਪਮਾਨਿਤ ਕਰਨ ਵਾਲੇ ਵਰਜਿਤ ਸ਼ਬਦ ਦਰਜ ਕਰਨ ਦਾ ਵਿਰੋਧ ਅਗਲੀ ਖ਼ਬਰ ਆਰ.ਐੱਮ.ਪੀ.ਆਈ. ਨੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।