ਬਲਾਚੌਰ, 10 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਪੰਜਾਬ ਅੰਦਰ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਰੋਸ ਧਰਨੇ ਦੇਣ ਦੀ ਕਾਲ ਵਜੋਂ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਤੇ ਬਲਾਚੌਰ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਬਲਾਚੌਰ ਅੱਗੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਕਿ ਜਿੱਥੇ ਦੋਵਾਂ ਪਾਰਟੀਆਂ ਅੰਦਰ ਅਚਾਨਕ ਮਾਹੌਲ ਗਰਮਾ ਗਿਆ | ਇਸ ਸਬੰਧੀ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੇ ਦਫ਼ਤਰ ਬਲਾਚੌਰ ਅੱਗੇ 'ਆਪ' ਆਗੂਆਂ ਵਲੋਂ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਜਦੋਂ ਉਨ੍ਹਾਂ ਨੂੰ ਚੰਗੀ ਸ਼ਬਦਾਵਲੀ ਵਰਤਣ ਦੀ ਅਪੀਲ ਕੀਤੀ ਗਈ ਤਾਂ ਉਨ੍ਹਾਂ ਨੇ ਮਾਈਕ ਖੋਹ ਲਿਆ | ਇਸ ਸਬੰਧੀ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅਸੀਂ ਬਗੈਰ ਮਾਈਕ ਤੋਂ ਰੋਸ ਵਿਰੋਧ ਕਰ ਰਹੇ ਸੀ, ਜਦਕਿ ਭਾਜਪਾ ਪ੍ਰਧਾਨ ਨੇ ਮਾਈਕ ਲੈ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ | ਉਪਰੰਤ ਭਾਜਪਾ ਦੇ ਕੁੱਝ ਆਗੂਆਂ ਨੇ ਅੰਦਰ ਬੈਠ ਕੇ ਗੱਲ ਕਰਨ ਲਈ ਕਿਹਾ | ਜਦੋਂ ਅੰਦਰ ਗਏ ਤਾਂ ਭਾਜਪਾ ਪ੍ਰਧਾਨ ਮੋਬਾਈਲ 'ਤੇ ਵੀਡੀਓ ਬਣਾਉਣ ਲੱਗ ਪਏ, ਜਿਸ 'ਤੇ ਉਨ੍ਹਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਤਾਂ ਮਾਹੌਲ ਅੰਦਰ ਗਰਮਾ-ਗਰਮੀ ਹੋ ਗਈ | ਇਸ ਮੌਕੇ ਸੀਨੀਅਰ ਭਾਜਪਾ ਆਗੂ ਨੰਦ ਕਿਸ਼ੋਰ, ਪ੍ਰਵੀਨ ਪੂਰੀ ਅਤੇ ਐਡਵੋਕੇਟ ਅਮਨ ਰਾਣਾ ਸਮੇਤ ਬਹੁ ਗਿਣਤੀ ਭਾਜਪਾ ਅਤੇ ਆਪ ਆਗੂ ਹਾਜ਼ਰ ਸਨ |
ਭਾਜਪਾ ਦਫ਼ਤਰ ਬਲਾਚੌਰ ਵਿਖੇ ਬੰਗਾ ਤੋਂ 'ਆਪ' ਵਿਧਾਇਕ ਡਾ. ਸੁੱਖੀ ਭਾਜਪਾ ਜ਼ਿਲ੍ਹਾ ਪ੍ਰਧਾਨ ਲੱਕੀ ਨਾਲ ਉਲਝੇ <br/>
ਅਜੀਤ ਡੈਸਕ
11-05-2026