ਬੱਲੂਆਣਾ, 10 ਮਈ (ਜਸਮੇਲ ਸਿੰਘ ਢਿੱਲੋਂ)-ਮਾਤਾ ਅੰਮਿ੍ਤਾ ਦੇਵੀ ਬਿਸ਼ਨੋਈ ਦੇ ਇਤਿਹਾਸ ਨੂੰ ਪੰਜਾਬ ਸਕੂਲ ਸਿੱਖਿਆ ਸਿਲੇਬਸ ਵਿਚ ਸ਼ਾਮਿਲ ਕਰਨ ਲਈ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਲਿਖਤੀ ਰੂਪ ਵਿਚ ਭੇਜ ਦਿੱਤਾ ਗਿਆ ਹੈ | ਵਧੀਕ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ ਦੇ ਦਫ਼ਤਰੀ ਨੋਟ ਮਿਤੀ 9 ਅਪ੍ਰੈਲ 2026 ਰਾਹੀ ਅਮਨਦੀਪ ਸਿੰਘ ਮੁਸਾਫਿਰ ਵਿਧਾਇਕ ਬੱਲੂਆਣਾ ਦਾ ਪੱਤਰ ਨੰਬਰ 969 ਐਮ. ਐਲ. ਏ. ਬੀ. ਐਲ. ਯੂ., ਮਿਤੀ 2 ਅਪ੍ਰੈਲ 2025 ਇਸ ਦਫ਼ਤਰ ਵਿਚ ਪ੍ਰਾਪਤ ਹੋਇਆ ਹੈ | ਇਸ ਵਿਚ ਉਨ੍ਹਾਂ ਮਾਤਾ ਅੰਮਿ੍ਤਾ ਦੇਵੀ ਬਿਸ਼ਨੋਈ ਦੇ ਇਤਿਹਾਸ ਨੂੰ ਪੰਜਾਬ ਸਕੂਲ ਸਿੱਖਿਆ ਸਿਲੇਬਸ ਵਿਚ ਸ਼ਾਮਿਲ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ | ਇਸ ਬੇਨਤੀ ਨੂੰ ਅਮਲ ਵਿਚ ਲਿਆਉਣ ਲਈ ਮੁੱਖ ਮੰਤਰੀ ਦਫ਼ਤਰ ਪੰਜਾਬ ਵਲੋਂ ਸਿੱਖਿਆ ਵਿਭਾਗ ਨੂੰ ਮੂਲ ਰੂਪ ਵਿਚ ਨਿਯਮਾਂ ਅਨੁਸਾਰ ਵਿਚਾਰਨ ਲੋੜੀਂਦੀ ਯੋਗ ਕਾਰਵਾਈ ਹਿਤ ਲਿਖਤੀ ਰੂਪ 'ਚ ਭੇਜ ਦਿੱਤਾ ਗਿਆ ਹੈ | ਦਫ਼ਤਰ ਵਲੋਂ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਕੇ ਹਲਕੇ ਦੇ ਵਿਧਾਇਕ ਗੋਲਡੀ ਮੁਸਾਫਿਰ ਅਤੇ ਉਕਤ ਦਫ਼ਤਰ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ |