ਚੰਡੀਗੜ੍ਹ, 11 ਮਈ (ਸੰਦੀਪ ਕੁਮਾਰ ਮਾਹਨਾ)-ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ 'ਚ ਵੱਡੀ ਸੰਨ ਲਗਾਉਂਦਿਆਂ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਸੂਬੇ ਦੀ ਸਿਆਸਤ 'ਚ ਨਵੀਂਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ | ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿਚ ਗਿਆਨ ਸਿੰਘ ਮਾਨ ਨੇ ਭਾਜਪਾ ਦਾ ਪੱਲਾ ਫੜਿਆ | ਇਸ ਮੌਕੇ ਬਰਨਾਲਾ ਦੇ ਕਾਰੋਬਾਰੀ ਅਤੇ ਐਨ.ਆਰ.ਆਈ. ਬਲਜਿੰਦਰ ਸਿੰਘ ਵੜਿੰਗ ਤੇ ਜਲਾਲਾਬਾਦ ਤੋਂ 'ਆਪ' ਦੇ ਵਿਧਾਇਕ ਗੋਲਡੀ ਕੰਬੋਜ ਦੇ ਸਾਬਕਾ ਪੀ.ਏ. ਅਤੇ 'ਆਪ' ਦੇ ਅਰਨੀਵਾਲਾ ਜ਼ੋਨ ਇੰਚਾਰਜ ਮਨਜਿੰਦਰ ਸਿੰਘ ਸਾਜਣ ਖੇੜਾ ਵੀ ਭਾਜਪਾ 'ਚ ਸ਼ਾਮਿਲ ਹੋਏ | ਸੁਨੀਲ ਜਾਖੜ ਨੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਆਗੂ ਬਦਲਾਅ ਤੇ ਇਮਾਨਦਾਰ ਰਾਜਨੀਤੀ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨਾਲ ਜੁੜੇ ਸਨ, ਪਰ ਹੁਣ 'ਆਪ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਭਾਜਪਾ 'ਚ ਆਏ ਹਨ | ਜਾਖੜ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਭਾਜਪਾ ਦਫ਼ਤਰਾਂ ਅਤੇ ਵਰਕਰਾਂ 'ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ | ਭਾਜਪਾ ਪ੍ਰਧਾਨ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ 'ਭਾਜਪਾ ਦਫ਼ਤਰਾਂ 'ਤੇ ਹਮਲੇ ਕਰਕੇ ਈ.ਡੀ. ਅਤੇ ਸੀ.ਬੀ.ਆਈ. ਦੀਆਂ ਜਾਂਚਾਂ ਬੰਦ ਨਹੀਂ ਹੋਣਗੀਆਂ | ਜਾਖੜ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ 'ਚ 'ਬੰਗਾਲ ਵਰਗੇ ਹਾਲਾਤ' ਨਹੀਂ ਬਣਨ ਦਿੱਤੇ ਜਾਣਗੇ | ਭਾਜਪਾ ਆਪਣੇ ਵਰਕਰਾਂ 'ਤੇ ਹੋ ਰਹੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰੇਗੀ | ਉਨ੍ਹਾਂ ਕਿਹਾ ਅਗਲੀਆਂ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ ਹੈ | ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ 'ਚ ਭਾਜਪਾ ਪੂਰੀ ਗਤੀ ਨਾਲ ਅੱਗੇ ਵੱਧ ਰਹੀ ਹੈ ਤੇ ਪਿੰਡਾਂ, ਵਾਰਡਾਂ ਅਤੇ ਕਸਬਿਆਂ ਵਿਚ ਲੋਕ ਬੇਸਬਰੀ ਨਾਲ ਭਾਜਪਾ ਸਰਕਾਰ ਬਣਨ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਡਬਲ ਇੰਜਣ ਦੀ ਸਰਕਾਰ ਚਾਹੁੰਦੇ ਹਨ ਤਾਂ ਜੋ ਸੂਬੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਸਕੇ |
ਮੁੱਖ ਮੰਤਰੀ ਦੇ ਚਚੇਰੇ ਭਰਾ ਸਮੇਤ ਕਈ ਆਗੂ ਭਾਜਪਾ 'ਚ ਸ਼ਾਮਿਲ <br/>
ਅਜੀਤ ਡੈਸਕ
12-05-2026