ਅਟਾਰੀ-ਵਾਹਗਾ ਸਰਹੱਦ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਸ਼ੁਰੂ ਕਰੇਗਾ ਅਰਦਾਸਾਂ ਦਾ ਸਿਲਸਿਲਾ <br/>
ਅਜੀਤ ਡੈਸਕ
17-05-2026
ਅੰਮਿ੍ਤਸਰ, 16 ਮਈ (ਸੁਰਿੰਦਰ ਕੋਛੜ)-ਭਾਰਤ ਅਤੇ ਪਾਕਿਸਤਾਨ ਵਲੋਂ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਦੇ ਕਾਰਨ ਅਟਾਰੀ-ਵਾਹਗਾ ਸਰਹੱਦ ਰਾਹੀਂ ਹੁੰਦਾ ਵਪਾਰ ਬੰਦ ਕਰਨ ਨਾਲ ਜਿੱਥੇ ਵਪਾਰੀਆਂ ਨੂੰ ਅਰਬਾਂ ਰੁਪਇਆਂ ਦਾ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਹੀ ਇਸ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਲੋਕ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ | ਜਦਕਿ ਇਹ ਪੂਰੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ ਕਿ ਸਰਹੱਦੀ ਵਪਾਰ ਦੇ ਖੁੱਲ੍ਹਣ ਨਾਲ ਪੰਜਾਬ 'ਚ ਵਪਾਰਕ ਗਤੀਵਿਧੀਆਂ 'ਚ ਤੇਜ਼ੀ ਅਤੇ ਵੱਡੀ ਆਰਥਿਕ ਖ਼ੁਸ਼ਹਾਲੀ ਆਵੇਗੀ ਅਤੇ ਇਕੱਲਾ ਅੰਮਿ੍ਤਸਰ ਸ਼ਹਿਰ ਭਾਰਤ ਦੇ ਕਈ ਵੱਡੇ ਮੈਟਰੋ ਸ਼ਹਿਰਾਂ ਨੂੰ ਤਰੱਕੀ ਦੀ ਰਫ਼ਤਾਰ 'ਚ ਪਛਾੜ ਕੇ 6 ਗੁਣਾ ਵੱਧ ਅੱਗੇ ਨਿਕਲ ਸਕਦਾ ਹੈ | ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਅਤੇ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਗਲੋਬਲ ਚੇਅਰਮੈਨ ਪਰਮੀਤ ਸਿੰਘ ਚੱਢਾ ਦੀ ਅਗਵਾਈ 'ਚ ਸੂਬੇ ਦੇ ਵਪਾਰੀਆਂ ਵਲੋਂ ਸਰਹੱਦ 'ਤੇ ਅਰਦਾਸਾਂ ਦੀ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਸਰਹੱਦੀ ਵਪਾਰ ਸ਼ੁਰੂ ਹੋਣ ਨਾਲ ਅੰਮਿ੍ਤਸਰ 'ਚ ਆਉਣ ਵਾਲੇ ਇਸ ਉਭਾਰ ਬਾਰੇ ਵਰਲਡ ਇਕਨਾਮਿਕ ਫੋਰਮ ਅਤੇ ਵਰਲਡ ਬੈਂਕ ਪਹਿਲਾਂ ਹੀ ਸਥਿਤੀ ਸਪਸ਼ਟ ਕਰ ਚੁੱਕੇ ਹਨ | ਪਰਮੀਤ ਸਿੰਘ ਚੱਢਾ ਨੇ ਕਿਹਾ ਕਿ ਦੱਖਣੀ ਏਸ਼ੀਆ 'ਚ ਤੇਜ਼ੀ ਨਾਲ ਬਦਲਦੀਆਂ ਪ੍ਰਸਥਿਤੀਆਂ ਕਾਰਨ ਅਟਾਰੀ-ਵਾਹਗਾ ਸਰਹੱਦ ਨੂੰ ਵਪਾਰ ਅਤੇ ਆਵਾਜਾਈ ਲਈ ਜਲਦੀ ਖੋਲ੍ਹਣਾ ਜ਼ਰੂਰੀ ਬਣ ਚੁੱਕਿਆ ਹੈ | ਕਈ ਮੁਲਕ ਚੀਨ ਦੇ ਕਾਰੋਬਾਰੀ ਪ੍ਰਭਾਵ ਨੂੰ ਘਟਾਉਣ ਲਈ ਭਾਰਤ ਨਾਲ ਅਟਾਰੀ ਸਰਹੱਦ ਤੋਂ ਵਪਾਰ ਕਰਨ ਦੇ ਇੱਛੁਕ ਹਨ |