ਰੰਜਿਸ਼ ਦੇ ਚੱਲਦਿਆਂ ਦੋ ਵਿਅਕਤੀਆਂ 'ਤੇ ਹੋਏ ਹਮਲੇ 'ਚ ਇਕ ਦੀ ਮੌਤ
ਅਜੀਤ ਡੈਸਕ
17-05-2026
ਨਰੋਟ ਜੈਮਲ ਸਿੰਘ (ਪਠਾਨਕੋਟ), 16 ਮਈ (ਸ਼ਸ਼ੀ ਕੁਮਾਰ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਨਰੋਟ ਜੈਮਲ ਸਿੰਘ ਦੇ ਚਾਰ ਲੋਕਾਂ ਨੇ ਤਲੂਰ ਪਿੰਡ ਦੇ ਦੋ ਵਿਅਕਤੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਇਕ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ | ਥਾਣਾ ਨਰੋਟ ਜੈਮਲ ਸਿੰਘ ਵਿਖੇ ਦਰਜ ਸ਼ਿਕਾਇਤ ਵਿਚ ਪਿੰਡ ਵੱਡਾ ਤਲੂਰ ਦੇ ਤਨੁਜ ਕੁਮਾਰ ਪੁੱਤਰ ਪਰਮਜੀਤ ਨੇ ਦੱਸਿਆ ਕਿ ਇਸੇ ਪਿੰਡ ਦਾ ਰਾਜ ਕੁਮਾਰ ਪੁੱਤਰ ਸਤਪਾਲ ਉਸ ਦਾ ਦੋਸਤ ਹੈ ਜੋ ਗੁਰੂ ਨਾਨਕ ਸਟੋਨ ਕਰੱਸ਼ਰ (ਗੁਗਰਾਂ) ਵਿਖੇ ਪੋਕਲੇਨ ਮਸ਼ੀਨ ਚਲਾਉਂਦਾ ਸੀ | ਪਿਛਲੇ ਦਿਨ ਸ਼ੁੱਕਰਵਾਰ ਉਹ ਰਾਜ ਕੁਮਾਰ ਨੰੂ ਆਪਣੇ ਮੋਟਰਸਾਈਕਲ 'ਤੇ ਗੁਰੂ ਨਾਨਕ ਸਟੋਨ ਕਰੱਸ਼ਰ 'ਤੇ ਛੱਡਣ ਲਈ ਵਾਇਆ ਨਰੋਟ ਜੈਮਲ ਸਿੰਘ ਜਾ ਰਿਹਾ ਸੀ ਅਤੇ ਜਦੋਂ ਉਹ ਠੇਕੇਦਾਰ ਮੱਕੜਾਂ ਦੀ ਕੋਠੀ ਨਜ਼ਦੀਕ ਪੁੱਜੇ ਤਾਂ ਬੱਬਲੀ ਕੁਮਾਰ ਨੇ ਗੱਡੀ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਲਗਾ ਕੇ ਰਸਤਾ ਰੋਕ ਲਿਆ ਤੇ ਗੱਡੀ 'ਚੋਂ ਉਤਰੇ ਬੱਬਲੀ ਕੁਮਾਰ, ਜਤਿੰਦਰ ਕੁਮਾਰ, ਸੁਨੀਲ ਕੁਮਾਰ ਅਤੇ ਨਵੀ ਮਹਿਰਾ ਨੇ ਹਥਿਆਰਾਂ ਨਾਲ ਰਾਜ ਕੁਮਾਰ 'ਤੇ ਹਮਲਾ ਕਰ ਦਿੱਤਾ ਅਤੇ ਜਦ ਉਸ ਨੇ ਰਾਜ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ 'ਤੇ ਵੀ ਹਮਲਾ ਕੀਤਾ, ਜਿਸ 'ਤੇ ਰਾਜ ਕੁਮਾਰ ਜ਼ਖਮੀ ਹਾਲਤ ਵਿਚ ਹੇਠਾਂ ਡਿੱਗ ਪਿਆ ਤੇ ਹਮਲਾਵਰ ਬਲੈਰੋ ਗੱਡੀ ਵਿਚ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ | ਹਸਪਤਾਲ 'ਚ ਇਲਾਜ ਦੌਰਾਨ ਰਾਜ ਕੁਮਾਰ ਦੀ ਮੌਤ ਹੋ ਗਈ | ਇਸ ਸਬੰਧ ਵਿਚ ਡੀ.ਐਸ.ਪੀ. ਦਿਹਾਤੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਬੱਬਲੀ ਕੁਮਾਰ, ਜਤਿੰਦਰ ਕੁਮਾਰ, ਸੁਨੀਲ ਕੁਮਾਰ ਪੁੱਤਰ ਪ੍ਰਕਾਸ਼ ਚੰਦ ਅਤੇ ਨਵੀ ਮਹਿਰਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਨਰੋਟ ਜੈਮਲ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |