ਜਲੰਧਰ-ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ, ਰਾਜ ਗੀਤਕਾਰ ਚੰਨ ਗੁਰਾਇਆ ਵਾਲਾ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਹਨ | ਭੁੱਲਾ ਰਾਮ ਚੰਨ ਦਾ ਜਨਮ ਗੁਰਾਇਆ ਨਜ਼ਦੀਕੀ ਪਿੰਡ ਢੰਡਾਂ ਵਿਖੇ ਸੇਠ ਲੱਭੂ ਰਾਮ ਅਤੇ ਮਾਤਾ ਧੰਤੀ ਦੇਵੀ ਦੇ ਘਰ ਹੋਇਆ | ਉਨ੍ਹਾਂ ਮੁੱਢਲੀ ਵਿਦਿਆ ਸੰਗ ਢੇਸੀਆਂ ਦੇ ਸਕੂਲ ਤੋਂ ਗ੍ਰਹਿਣ ਕੀਤੀ | ਚੰਨ ਨੇ ਚੌਥੀ ਕਲਾਸ ਤੋਂ ਹੀ ਦੇਸ਼ ਭਗਤੀ ਦੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ | ਆਪ ਨੇ ਨਿਰੰਜਣ ਸਿੰਘ ਪੰਛੀ ਜੋ ਪਾਕਿਸਤਾਨ ਦੇ ਪ੍ਰਸਿੱਧ ਕਵੀ ਸਨ, ਨੂੰ ਆਪਣਾ ਉਸਤਾਦ ਧਾਰਿਆ | 1972 ਵਿਚ ਗੀਤਕਾਰ ਨਰਿੰਦਰ ਬੀਬਾ ਅਤੇ ਪ੍ਰੋਫੈਸਰ ਹਰੀ ਦੇਵ ਦੀ ਆਵਾਜ਼ ਵਿਚ 'ਚੰਡੀਗੜ੍ਹ ਰਹਿਣ ਵਾਲੀਏ' ਗੀਤ ਰਿਕਾਰਡ ਹੋਇਆ, ਜੋ ਬਹੁਤ ਮਕਬੂਲ ਹੋਇਆ | ਇਸ ਤੋਂ ਇਲਾਵਾ ਚੋਟੀ ਦੇ ਮੰਨੇ ਪ੍ਰਮੰਨੇ ਅਨੇਕਾਂ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋਏ ਗੀਤਾਂ ਨੂੰ ਲੋਕਾਂ ਰਜਵਾਂ ਪਿਆਰ ਦਿੱਤਾ | ਚੰਨ ਗੁਰਾਇਆ ਵਾਲਾ ਪ੍ਰਸਿੱਧ ਫ਼ਿਲਮ ਡਾਇਰੈਕਟਰ ਵਰਿੰਦਰ ਨੂੰ ਮਿਲੇ | ਉਨ੍ਹਾਂ ਕੁਲਦੀਪ ਮਾਣਕ ਨਾਲ ਮਿਲ ਕੇ ਪੰਜਾਬੀ ਫ਼ਿਲਮ 'ਬਲਵੀਰੋ ਭਾਬੀ' ਬਣਾਈ | ਇਸ ਫ਼ਿਲਮ ਵਿਚ ਚੰਨ ਨੇ ਖ਼ੁਦ ਇੰਸਪੈਕਟਰ ਦਾ ਰੋਲ ਕੀਤਾ | ਉਨ੍ਹਾਂ ਪੰਝੀ ਤੋਂ ਵੱਧ ਫ਼ਿਲਮਾਂ ਦੇ ਗੀਤ ਵੀ ਲਿਖੇ | ਨਰਿੰਦਰ ਬੀਬਾ ਦੀ ਆਵਾਜ਼ ਵਿਚ ਗਾਏ ਗਏ ਚਾਰ ਧਾਰਮਿਕ ਸਾਕਿਆਂ ਦੀ ਪ੍ਰਸਿੱਧੀ ਨੇ ਚੰਨ ਦੀ ਕਲਮ ਨੂੰ ਹੋਰ ਵੀ ਬਲ ਬਖ਼ਸ਼ਿਆਂ | ਪੰਜਾਬ ਸਰਕਾਰ ਵਲੋਂ ਚੰਨ ਗੁਰਾਇਆ ਵਾਲਾ ਨੂੰ 'ਸਟੇਟ ਐਵਾਰਡ' ਦੇ ਕੇ ਰਾਜ ਗਾਇਕ ਬਣਾ ਦਿੱਤਾ ਗਿਆ | ਚੰਨ ਗੁਰਾਇਆ ਵਾਲਾ 92 ਸਾਲ ਦੀ ਉਮਰ ਭੋਗ ਕੇ 5 ਮਈ ਨੂੰ ਸਾਨੂੰ ਵਿਛੋੜਾ ਦੇ ਗਏ | ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 17 ਮਈ ਨੂੰ ਐਤਵਾਰ ਦੁਪਹਿਰ 12 ਵਜੇ ਤੋਂ 2 ਵਜੇ ਤਕ ਗੁਰੂ ਰਵਿਦਾਸ ਮੰਦਰ ਗੁਰਾਇਆ ਵਿਖੇ ਹੋ ਰਹੀ ਹੈ |
ਬਲਵਿੰਦਰ ਸਿੰਘ ਗੁਰਾਇਆ