ਪਿਛਲੇ 10 ਦਿਨਾਂ ਅੰਦਰ ਸੂਬੇ ਭਰ 'ਚ 40 ਹਜ਼ਾਰ ਮੀਟਿ੍ਕ ਟਨ ਤੋਂ ਵੱਧ ਕੂੜਾ ਹੋਇਆ ਇਕੱਠਾ
ਬਠਿੰਡਾ, 16 ਮਈ (ਸੱਤਪਾਲ ਸਿੰਘ ਸਿਵੀਆਂ)-ਇਕ ਪਾਸੇ ਪੰਜਾਬ ਭਰ 'ਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਚੱਲ ਰਹੀਆਂ ਹਨ ਪਰ ਦੂਜੇ ਪਾਸੇ ਇਨ੍ਹਾਂ ਅਦਾਰਿਆਂ ਦੇ ਸਫ਼ਾਈ ਕਰਮਚਾਰੀ ਪਿਛਲੇ 10 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ, ਜਿਸ ਕਾਰਨ ਘਰਾਂ, ਬਾਜ਼ਾਰਾਂ, ਗਲੀਆਂ 'ਚੋਂ ਕੂੜਾ ਚੁੱਕਣ ਦਾ ਕੰਮ ਪੂਰੀ ਤਰ੍ਹਾਂ ਠੱਪ ਹੈ | ਜੇਕਰ ਇਹ ਹੜਤਾਲ ਆਉਣ ਵਾਲੇ ਦਿਨਾਂ ਅੰਦਰ ਵੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਸਮੁੱਚਾ ਪੰਜਾਬ ਇਕ ਵੱਡੇ 'ਕੂੜਾ ਡੰਪ' ਵਿਚ ਤਬਦੀਲ ਹੋ ਸਕਦਾ ਹੈ | ਜਦਕਿ ਇਨ੍ਹਾਂ 10 ਦਿਨਾਂ ਦੇ ਅੰਦਰ ਕੂੜਾ ਸੜਕਾਂ 'ਤੇ ਆ ਗਿਆ ਹੈ ਅਤੇ ਬਾਜ਼ਾਰਾਂ, ਰਿਹਾਇਸ਼ੀ ਖੇਤਰਾਂ ਅਤੇ ਸਰਕਾਰੀ ਦਫ਼ਤਰਾਂ ਕੋਲ ਕੂੜੇ ਦੇ ਢੇਰ ਲੱਗ ਗਏ ਹਨ | ਦੂਜੇ ਪਾਸੇ ਪੰਜਾਬ ਭਰ ਵਿਚ ਰੋਜ਼ਾਨਾ ਇਕੱਠੇ ਹੁੰਦੇ ਕੂੜੇ ਦਾ ਅੰਕੜਾ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵਲੋਂ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਸੂਬੇ ਵਿਚ ਹਰ ਰੋਜ਼ ਕਰੀਬ 4008 ਮੀਟਰਿਕ ਟਨ ਠੋਸ ਕੂੜਾ ਪੈਦਾ ਹੁੰਦਾ ਹੈ, ਜਿਸ ਕਾਰਨ ਉੱਕਤ 10 ਦਿਨਾਂ ਦੀ ਹੜਤਾਲ ਦੌਰਾਨ ਪੰਜਾਬ ਭਰ 'ਚ ਲਗਭਗ 40 ਹਜ਼ਾਰ ਮੀਟਰਿਕ ਟਨ ਤੋਂ ਵੱਧ ਕੂੜਾ ਇਕੱਠਾ ਹੋਣ ਦਾ ਅੰਦਾਜ਼ਾ ਹੈ | ਬੇਸ਼ੱਕ ਕਈ ਸ਼ਹਿਰਾਂ ਵਿਚ ਸਥਾਨਕ ਪ੍ਰਸ਼ਾਸਨ ਨੇ ਅਸਥਾਈ ਪ੍ਰਬੰਧਾਂ ਰਾਹੀਂ ਕੂੜਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਸ ਨੂੰ ਕੋਈ ਵੱਡੀ ਕਾਮਯਾਬੀ ਨਹੀਂ ਮਿਲੀ ਸਕੀ | ਸੂਬੇ ਦੇ ਵੱਡੇ ਸ਼ਹਿਰਾਂ ਬਠਿੰਡਾ, ਲੁਧਿਆਣਾ, ਅੰਮਿ੍ਤਸਰ, ਜਲੰਧਰ, ਪਟਿਆਲਾ, ਮੋਗਾ ਅਤੇ ਫ਼ਿਰੋਜ਼ਪੁਰ ਵਿਚ ਕੂੜੇ ਦੇ ਢੇਰ ਦਿਨੋਂ-ਦਿਨ ਵੱਡੇ ਹੁੰਦੇ ਜਾ ਰਹੇ ਹਨ | ਸਥਾਨਕ ਸਰਕਾਰਾਂ ਵਿਭਾਗ ਦੀਆਂ 29 ਮਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਬੇਸ਼ੱਕ ਪੰਜਾਬ ਸਰਕਾਰ ਇਹ ਹੜਤਾਲ ਖ਼ਤਮ ਕਰਵਾਉਣ ਲਈ ਸਫ਼ਾਈ ਸੇਵਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ 13 ਮੈਂਬਰੀ ਕਮੇਟੀ ਬਣਾ ਕੇ 20 ਮਈ ਤੱਕ ਰਿਪੋਰਟ ਤਿਆਰ ਕਰਕੇ ਉਨ੍ਹਾਂ ਦੇ ਹੱਕ ਦੇਣ ਦੀ ਹਾਮੀ ਭਰ ਰਹੀ ਹੈ ਪਰ ਸਫ਼ਾਈ ਕਰਮੀ ਇਸ ਗੱਲ 'ਤੇ ਅੜੇ ਹੋਏ ਹਨ ਕਿ ਉਨ੍ਹਾਂ ਨੂੰ ਪੱਕੇ ਕਰਨ ਸਬੰਧੀ ਲਿਖਤੀ ਪੱਤਰ ਦਿੱਤਾ ਜਾਵੇ |
ਪੰਜਾਬ 'ਚ ਸਫ਼ਾਈ ਕਰਮੀਆਂ ਦੀ ਹੜਤਾਲ ਨਾਲ 'ਕੂੜਾ ਸੰਕਟ' ਗਹਿਰਾਇਆ <br/>
ਅਜੀਤ ਡੈਸਕ
17-05-2026