• ਲੰਘੇ 2 ਮਹੀਨਿਆਂ 'ਚ ਥੋਕ ਮਹਿੰਗਾਈ 'ਚ 50 ਫ਼ੀਸਦੀ ਵਾਧਾ • ਭਾਰਤ ਦੇ 140 ਕਰੋੜ ਲੋਕਾਂ ਦੀਆਂ ਕੁੱਲੀ-ਗੁੱਲੀ ਤੇ ਜੁੱਲੀ ਨੂੰ ਲੈ ਕੇ ਵਧਣਗੀਆਂ ਮੁਸ਼ਕਿਲਾਂ
ਵੀਰਪਾਲ ਸਿੰਘ
ਬਠਿੰਡਾ, 16 ਮਈ- ਖਾੜੀ ਦੀ ਜੰਗ ਦੇ ਚੱਲਦਿਆਂ ਭਾਰਤ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਨਾਲ ਥੋਕ ਮਹਿੰਗਾਈ ਦਾ ਬੰਬ ਹੁਣ ਭਾਰਤੀ ਲੋਕਾਂ ਦਾ ਘਰਾਂ ਵਿਚ ਫਟਣ ਜਾ ਰਿਹਾ ਹੈ | ਲੰਘੇ 42 ਮਹੀਨਿਆਂ ਵਿਚ ਥੋਕ ਮਹਿੰਗਾਈ ਦਰ ਪਹਿਲਾਂ ਸਿਖ਼ਰਾਂ 'ਤੇ ਪੁੱਜੀ ਹੋਈ, ਸਾਲ 2026 ਦੇ ਮਾਰਚ ਮਹੀਨੇ ਵਿਚ ਥੋਕ ਮਹਿੰਗਾਈ ਦਰ 3.88 ਫ਼ੀਸਦੀ ਸੀ | ਖਾੜੀ ਦੇਸ਼ਾਂ ਵਿਚ ਕੱਚੇ ਤੇਲ, ਘਰੇਲੂ ਗੈਸ ਦੀ ਸਪਲਾਈ ਦੇ ਟੁੱਟ ਜਾਣ ਨਾਲ 2 ਮਹੀਨਿਆਂ ਦੌਰਾਨ ਥੋਕ ਮਹਿੰਗਾਈ 50 ਫ਼ੀਸਦੀ ਤੱਕ ਵਧ ਕੇ 8.30 ਹੋ ਚੁੱਕੀ ਹੈ | ਭਾਰਤ ਸਰਕਾਰ ਨੇ ਈਰਾਨ-ਅਮਰੀਕਾ ਦੀ ਜੰਗ ਸ਼ੁਰੂ ਹੋਣ ਦੇ 76 ਦਿਨਾਂ ਬਾਅਦ ਭਾਰਤ ਤੇਲ ਦੀ ਪ੍ਰਚੂਨ ਮਾਰਕੀਟ ਵਿਚ 3 ਰੁਪਏ ਪ੍ਰਤੀ ਲੀਟਰ ਭਾਅ ਵਧਾਉਣ ਦਾ ਫੈਸਲਾ ਲਿਆ | ਤੇਲ ਦਾ ਭਾਅ ਵਧਣ ਨਾਲ ਦੇਸ਼ ਵਿਚਲੇ ਸਮੂਹ ਸੈਕਟਰਾਂ ਦੇ ਮਾਲ ਭਾੜੇ ਦੇ ਖਰਚੇ ਵਧਣ ਨਾਲ ਆਉਣ ਵਾਲੇ ਦਿਨਾਂ ਵਿਚ ਲੋਕ ਮਹਿੰਗਾਈ ਦਰ ਹੋਰ ਵਧ ਸਕਦੀ ਹੈ | ਢੋਆ-ਢੁਆਈ ਮਹਿੰਗੀ ਹੋਣ ਨਾਲ ਕਰਿਆਨਾ ਸਾਮਾਨ ਦੀਆਂ ਸਾਰੀਆਂ ਕਿਸਮਾਂ 2 ਫ਼ੀਸਦੀ ਤੋਂ 3 ਫ਼ੀਸਦੀ ਮਹਿੰਗੀਆਂ ਹੋਣ ਜਾ ਰਹੀਆਂ ਹਨ | ਖੇਤੀ ਸੈਕਟਰ ਦੇ ਖਰਚੇ ਵੀ ਵਧਣਗੇ, ਜਿਸ ਨਾਲ ਅਨਾਜ ਦੀਆਂ ਕੀਮਤਾਂ 'ਚ 2 ਤੋਂ 3 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ | ਦੂਸਰੇ ਪਾਸੇ ਮੌਸਮੀ ਸਬਜ਼ੀਆਂ ਅਤੇ ਫਰੂਟ ਦੇ ਭਾਅ ਵਿਚ 5 ਤੋਂ 7 ਫ਼ੀਸਦੀ ਵਾਧਾ ਹੋਣ ਦੇ ਅਸਾਰ ਹਨ | ਇਮਾਰਤ ਸਮੱਗਰੀ ਵਿਚ ਰੇਤ, ਬੱਜਰੀ, ਸੀਮਿੰਟ, ਸਰੀਆ, ਲੱਕੜ, ਇੱਟਾਂ ਦੇ ਭਾਅ ਵੀ 2 ਤੋਂ 4 ਫ਼ੀਸਦੀ ਵਧ ਸਕਦੇ ਹਨ | ਇਸ 'ਤੇ ਇਹ ਕਹਾਵਤ ਸੱਚ ਸਾਬਤ ਹੋਣ ਵਾਲੀ ਹੈ, ਦੇਸ਼ ਦੀ 140 ਕਰੋੜ ਲੋਕਾਂ 'ਚ ਅਮੀਰ ਲੋਕਾਂ ਨੂੰ ਛੱਡ, ਬਾਕੀ ਲੋਕਾਂ ਨੂੰ ਕੁੱਲੀ-ਗੁੱਲੀ ਤੇ ਜੁੱਲੀ ਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਬੇਵੱਸ ਹੋਣ ਪੈ ਸਕਦਾ ਹੈ | ਸਾਲ 2022 ਵਿਚ ਤੇਲ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਸੀ, ਉਸ ਵੇਲੇ ਥੋਕ ਮਹਿੰਗਾਈ ਦੀ ਦਰ 8.39 ਤੱਕ ਪਹੁੰਚ ਗਈ ਸੀ | ਹੁਣ ਭਾਰਤ ਸਰਕਾਰ ਵਲੋਂ ਵਧਾਏ ਗਏ ਤੇਲ ਰੇਟਾਂ ਤੋਂ ਬਾਅਦ ਵੀ ਵੱਖ-ਵੱਖ ਦੇਸ਼ ਵਿਚ ਤੇਲ ਕੀਮਤਾਂ ਦੁਨੀਆ ਭਰ ਦੇ ਮੁਲਕਾਂ ਨਾਲੋਂ ਘੱਟ ਹਨ | ਭਾਰਤੀ ਰੁਪਇਆਂ 'ਚ ਵੱਖ ਮੁਲਕਾਂ ਦੇ ਤੇਲ ਦੇ ਭਾਅ ਤਾਜ਼ਾ ਅੰਕੜਿਆਂ ਅਨੁਸਾਰ ਫਰਾਂਸ ਵਿਚ 227 ਰੁਪਏ, ਜਰਮਨੀ ਵਿਚ 219 ਰੁਪਏ, ਇਟਲੀ ਵਿਚ 216, ਬਿ੍ਟੇਨ ਵਿਚ 283, ਕੈਨੇਡਾ ਵਿਚ 148, ਦੱਖਣੀ ਅਫ਼ਰੀਕਾ ਵਿਚ 146, ਬ੍ਰਾਜੀਲ 'ਚ 143, ਪਾਕਿਸਤਾਨ 'ਚ 142.38, ਸ੍ਰੀਲੰਕਾ ਵਿਚ 139.18, ਨੇਪਾਲ 'ਚ 135.73, ਆਸਟ੍ਰੇਲੀਆ 'ਚ 127.41, ਅਮਰੀਕਾ ਵਿਚ 121.46, ਬੰਗਲਾਦੇਸ਼ ਵਿਚ 108.95, ਜਪਾਨ ਵਿਚ 102.98, ਭਾਰਤ ਵਿਚ 101 ਪ੍ਰਤੀ ਲੀਟਰ ਤੇਲ ਵੇਚਿਆ ਜਾ ਰਿਹਾ ਹੈ | ਸਾਲ 2004 ਵਿਚ ਪ੍ਰਧਾਨ ਮੰਤਰੀ ਸਵ: ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਤੋਂ ਬਾਅਦ ਸੱਤਾ ਵਿਚ ਆਈ ਕਾਂਗਰਸ ਦੀ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿਚ 114.4 ਫ਼ੀਸਦੀ ਵਾਧਾ ਹੋਇਆ ਸੀ ਤੇ ਡੀਜ਼ਲ ਦੇ ਭਾਅ ਵਿਚ 155.8 ਫ਼ੀਸਦੀ ਵਾਧਾ ਹੋਇਆ ਸੀ | 2014 ਵਿਚ ਨਰਿੰਦਰ ਮੋਦੀ ਦੇ 12 ਸਾਲ ਦੇ ਕਾਰਜਕਾਲ ਦੌਰਾਨ ਮਈ 2026 ਤੱਕ ਪੈਟਰੋਲ ਦੀਆਂ ਕੀਮਤਾਂ ਵਿਚ 35.3 ਫ਼ੀਸਦੀ ਵਾਧਾ ਹੋਇਆ ਤੇ ਡੀਜ਼ਲ ਦੀ ਕੀਮਤ ਵਿਚ 63.4 ਫ਼ੀਸਦੀ ਵਾਧਾ ਹੋ ਚੁੱਕਿਆ ਹੈ |
ਮਹਿੰਗਾਈ ਦਾ ਬੰਬ ਫਟਣ ਲੱਗਿਆ, ਤੇਲ ਦੇ ਭਾਅ ਵਧਣ ਨਾਲ ਥੋਕ ਮਹਿੰਗਾਈ ਦਰ ਸਿਖ਼ਰਾਂ ਵੱਲ <br/>
ਅਜੀਤ ਡੈਸਕ
17-05-2026