ਪਟਿਆਲਾ, 17 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਜਨਗਣਨਾ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ ਤੇ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਜਨਗਣਨਾ ਲਈ ਕੰਮ ਕਰਨ ਨੂੰ ਆਖਿਆ ਗਿਆ ਹੈ | ਬੀਮਾ ਕਾਰਡ ਯੋਜਨਾ, ਡਰੱਗ ਸੈਂਸਸ, ਬੀ.ਐਲ.ਓ. ਦੇ ਤੌਰ 'ਤੇ ਐਸ.ਆਈ.ਆਰ. ਦਾ ਕੰਮ ਕਰਨਾ, ਪਰਾਲੀ ਸਾੜਨ ਸੰਬੰਧੀ ਉਪਰੰਤ ਹੁਣ ਜਨਗਣਨਾ ਵਿਚ ਸੂਬੇ ਦੇ ਹੋਰਨਾਂ ਵਿਭਾਗਾਂ ਨਾਲੋਂ ਸਭ ਤੋਂ ਵੱਧ ਡਿਊਟੀਆਂ ਅਧਿਆਪਕ ਨਿਭਾਅ ਰਹੇ ਹਨ | ਸੂਬੇ ਦੇ ਸਿੱਖਿਆ ਵਿਭਾਗ ਜਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਲੋਂ ਆਪਣੇ ਅਧਿਆਪਕਾਂ ਲਈ ਕਦੇ ਵੀ ਕਿਸੇ ਸਕੂਲ ਖ਼ਾਲੀ ਰਹਿਣ, ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਹਵਾਲਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਅਧਿਆਪਕਾਂ ਦੇ ਕੰਮ ਨੂੰ ਪ੍ਰਭਾਵਿਤ ਹੁੰਦਾ ਦੱਸ ਕੇ ਕਦੇ ਵਿਭਾਗੀ ਪੱਤਰ ਜਾਰੀ ਕੀਤਾ ਜਾਂਦਾ ਹੈ | ਬੇਸ਼ੱਕ ਪਹਿਲਾਂ ਜਨਗਣਨਾ ਦੀ ਸਿਖਲਾਈ ਦੌਰਾਨ ਸਕੂਲ ਖ਼ਾਲੀ ਰਹਿਣ ਦੀਆਂ ਚਰਚਾਵਾਂ ਛਿੜੀਆਂ ਰਹੀਆਂ ਅਤੇ ਉਸ ਤੋਂ ਬਾਅਦ ਵੀ ਜਨਗਣਨਾ ਦਾ ਸਮਾਨ ਲੈਣ ਲਈ ਅਧਿਆਪਕਾਂ ਦੇ ਜਾਣ ਨਾਲ ਇਕ ਵਾਰ ਫਿਰ ਤੋਂ ਸਕੂਲ ਖ਼ਾਲੀ ਰਹਿਣ ਦੀਆਂ ਖ਼ਬਰਾਂ ਨਸ਼ਰ ਹੋਈਆਂ ਹਨ | ਲੰਘੇ 20-25 ਦਿਨਾਂ ਤੋਂ ਸਰਕਾਰੀ ਸਕੂਲ ਖ਼ਾਲੀ ਰਹਿਣ ਕਾਰਨ ਹੋ ਰਹੀ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਦਾ ਖ਼ਮਿਆਜ਼ਾ ਬੇਸ਼ੱਕ ਅੱਗੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਭੁਗਤਣਾ ਪਵੇਗਾ ਅਤੇ ਹੁਣ ਉਹ ਸਰਕਾਰੀ ਡਿਊਟੀਆਂ ਅਤੇ ਮਾਪਿਆਂ ਦੇ ਸਕੂਲ ਖ਼ਾਲੀ ਰਹਿਣ ਦੇ ਰੋਸ ਅਤੇ ਪੜ੍ਹਾਈ ਦੇ ਨੁਕਸਾਨ ਕਾਰਨ ਦੁਖੀ ਨਜ਼ਰ ਆ ਰਹੇ ਹਨ | ਇਸ ਸਭ ਦੇ ਚੱਲਦਿਆਂ ਸਿੱਖਿਆ ਵਿਭਾਗ ਦੀ ਜ਼ਿਲੇ੍ਹ ਦੀ ਵਾਗਡੋਰ ਸਾਂਭਣ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਚੁੱਪੀ ਅਤੇ ਆਪਣੇ ਅਧਿਆਪਕਾਂ ਲਈ ਕਦੇ ਹਾਅ ਦਾ ਨਾਅਰਾ ਨਾ ਮਾਰਨਾ ਵੱਡਾ ਸਵਾਲ ਪੈਦਾ ਕਰ ਰਿਹਾ ਹੈ | ਜਨਗਣਨਾ ਵਿਚ ਅਧਿਆਪਕਾਂ ਦੀ 20-25 ਕਿੱਲੋਮੀਟਰ ਦੂਰ ਲੱਗਦੀਆਂ ਡਿਊਟੀਆਂ ਹੋਣ ਅਤੇ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਕੰਮ ਕਰਨ ਲਈ ਆਖਿਆ ਜਾਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਉਕਤ ਥਾਂ ਉੱਤੇ ਪੁੱਜਣ ਲਈ ਇਕ ਘੰਟਾ ਜਾਣ ਅਤੇ ਇਕ ਘੰਟਾ ਆਉਣ ਨੂੰ ਲੱਗਦਾ ਹੋਵੇ | ਇਸ ਦੇ ਉਲਟ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੀਆਂ ਡਿਊਟੀਆਂ ਜੇਕਰ ਨੇੜੇ ਲਗਾਈਆਂ ਜਾਂਦੀਆਂ ਤਾਂ ਜਿੱਥੇ ਕੰਮ ਜਲਦੀ ਖ਼ਤਮ ਹੁੰਦਾ ਉੱਥੇ ਹੀ ਇਸ ਨਾਲ ਉਨ੍ਹਾਂ ਨੂੰ ਵੀ ਰਾਹਤ ਮਿਲਦੀ | ਫ਼ਿਲਹਾਲ ਬੱਚਿਆਂ ਦੇ ਦਾਖ਼ਲੇ ਸੰਬੰਧੀ ਬਣਾਇਆ ਨਵਾਂ ਸਾਫ਼ਟਵੇਅਰ ਐਮ ਸਟਾਰ ਨੂੰ ਅਧਿਆਪਕਾਂ ਵਲੋਂ ਨਕਾਰ ਦਿੱਤਾ ਗਿਆ ਹੈ ਕਿਉਂਕਿ ਉਸ ਕਰਕੇ ਜਿੱਥੇ ਬੱਚਿਆਂ ਦੇ ਦਾਖ਼ਲੇ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਉੱਥੇ ਹੀ ਅਧਿਆਪਕ ਆਪਣੀ ਹਾਜ਼ਰੀ ਲਵਾਉਣ ਲਈ ਸਵੇਰ ਤੋਂ ਬੇਵੱਸ ਨਜ਼ਰ ਆਉਂਦੇ ਹਨ | ਵੱਖ-ਵੱਖ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਨਵੇਂ ਸੈਸ਼ਨ ਦਾ ਡੇਢ ਮਹੀਨਾ ਬੀਤਣ ਮਗਰੋਂ ਵੀ ਕਈ ਕਿਤਾਬਾਂ ਸਕੂਲ ਵਿਚ ਨਹੀਂ ਪਹੁੰਚੀਆਂ ਅਤੇ ਪੰਜਵੀਂ ਜਮਾਤ ਦੀ ਪੰਜਾਬੀ ਵਿਚ ਕਿਤਾਬ ਤੋਂ ਸੂਬੇ ਭਰ ਦੇ ਵਿਦਿਆਰਥੀ ਵਾਂਝੇ ਹਨ | ਇਸ ਤੋਂ ਇਲਾਵਾ ਬੱਚਿਆਂ ਨੂੰ ਨਵੇਂ ਸੈਸ਼ਨ ਦੀਆਂ ਵਰਦੀਆਂ ਨਹੀਂ ਮਿਲੀਆਂ ਤੇ ਸਰਕਾਰ ਵਲੋਂ ਇਸ ਵਾਰੀ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਗਰਮੀਆਂ ਦੀਆਂ ਛੁੱਟੀਆਂ ਵੀ ਜਲਦ ਕਰਨ ਦੀ ਸੰਭਾਵਨਾ ਹੈ |
ਸੂਬੇ ਦੇ ਅਧਿਆਪਕਾਂ ਲਈ ਸਿੱਖਿਆ ਵਿਭਾਗ ਵਲੋਂ ਨਹੀਂ ਮਾਰਿਆ ਜਾ ਰਿਹਾ 'ਹਾਅ ਦਾ ਨਾਅਰਾ'
ਅਜੀਤ ਡੈਸਕ
18-05-2026