14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਲ ਨੀਨੋ ਤੇ ਘੱਟ ਮੌਨਸੂਨ ਦੀ ਚਿੰਤਾ : ਕੇਂਦਰ ਨੇ 240 ਸੰਵੇਦਨਸ਼ੀਲ ਜ਼ਿਲਿ੍ਹਆਂ ਲਈ ਚੌਕਸੀ ਵਧਾਈ, ਅਨਾਜ ਉਤਪਾਦਨ ਟੀਚਾ ਵੀ ਘਟਾਇਆ <br/>

ਅਜੀਤ ਡੈਸਕ 05-06-2026

ਕੇਵਲ ਸਿੰਗਲਾ

ਮੂਨਕ, 4 ਜੂਨ-ਦੇਸ਼ ਵਿਚ ਸੰਭਾਵਿਤ ਐਲ ਨੀਨੋ ਪ੍ਰਭਾਵ ਤੇ ਸਧਾਰਨ ਤੋਂ ਘੱਟ ਮਾਨਸੂਨ ਦੀ ਆਸ਼ੰਕਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਖੇਤੀਬਾੜੀ ਖੇਤਰ ਲਈ ਚੌਕਸੀ ਵਧਾ ਦਿੱਤੀ ਹੈ | ਇੱਕ ਪਾਸੇ ਸਰਕਾਰ ਨੇ ਦੇਸ਼ ਦੇ 240 ਵਰਖਾ-ਆਧਾਰਿਤ ਜ਼ਿਲਿ੍ਹਆਂ ਨੂੰ ਮੌਸਮੀ ਜ਼ੋਖ਼ਮ ਦੇ ਹਿਸਾਬ ਨਾਲ ਸੰਵੇਦਨਸ਼ੀਲ ਮੰਨਦਿਆਂ ਸੂਬਿਆਂ ਨੂੰ ਪਹਿਲਾਂ ਤੋਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦਕਿ ਦੂਜੇ ਪਾਸੇ 2026-27 ਫ਼ਸਲੀ ਸਾਲ ਲਈ ਖੁਰਾਕੀ ਅਨਾਜ ਉਤਪਾਦਨ ਦਾ ਟੀਚਾ ਵੀ ਪਿਛਲੇ ਸਾਲ ਦੇ ਰਿਕਾਰਡ ਉਤਪਾਦਨ ਦੇ ਮੁਕਾਬਲੇ ਕੁੱਝ ਘਟਾ ਦਿੱਤਾ ਗਿਆ ਹੈ | ਸਰਕਾਰੀ ਸੂਤਰਾਂ ਅਨੁਸਾਰ ਦੇਸ਼ ਦੇ 240 ਜ਼ਿਆਦਾ ਬਾਰਸ਼ ਜ਼ਿਲਿ੍ਹਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 157 ਜ਼ਿਲਿ੍ਹਆਂ ਨੇ ਪਿਛਲੇ ਐਲ ਨੀਨੋ ਵਾਲੇ ਸਾਲਾਂ ਦੌਰਾਨ ਘੱਟੋ-ਘੱਟ 19 ਫ਼ੀਸਦੀ ਵਰਖਾ ਘਾਟ ਦਾ ਸਾਹਮਣਾ ਕੀਤਾ ਸੀ | ਇਸ ਤੋਂ ਇਲਾਵਾ 577 ਜ਼ਿਲਿ੍ਹਆਂ ਲਈ ਖੇਤੀਬਾੜੀ ਤੇ ਜਲ ਪ੍ਰਬੰਧਨ ਸੰਬੰਧੀ ਵਿਸ਼ੇਸ਼ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਮੌਸਮੀ ਚੁਣੌਤੀਆਂ ਦਾ ਸਮੇਂ ਸਿਰ ਮੁਕਾਬਲਾ ਕੀਤਾ ਜਾ ਸਕੇ | ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੀਨੀਅਰ ਅਧਿਕਾਰੀਆਂ ਨਾਲ ਮਾਨਸੂਨ ਦੀ ਸਥਿਤੀ, ਐਲ ਨੀਨੋ ਦੇ ਸੰਭਾਵਿਤ ਪ੍ਰਭਾਵ, ਪਾਣੀ ਦੀ ਉਪਲਬਧਤਾ ਅਤੇ ਬੀਜਾਂ ਦੇ ਪ੍ਰਬੰਧ ਸਬੰਧੀ ਵਿਸਥਾਰਪੂਰਵਕ ਸਮੀਖਿਆ ਕੀਤੀ | ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਵਰਖਾ ਵਿਚ ਕਮੀ ਆਉਂਦੀ ਹੈ ਤਾਂ ਕਿਸਾਨਾਂ ਤੱਕ ਢੁਕਵੇਂ ਬੀਜ, ਬਦਲਵੇਂ ਫ਼ਸਲੀ ਵਿਕਲਪ, ਜੀਵਨ-ਰੱਖਿਆ ਸਿੰਚਾਈ ਅਤੇ ਦੁਬਾਰਾ ਬਿਜਾਈ ਬਾਰੇ ਸਲਾਹਾਂ ਤੁਰੰਤ ਪਹੁੰਚਾਈਆਂ ਜਾਣ | ਇਸੇ ਦੌਰਾਨ ਕੇਂਦਰ ਸਰਕਾਰ ਨੇ 2026-27 ਫ਼ਸਲੀ ਸਾਲ ਲਈ ਖੁਰਾਕੀ ਅਨਾਜ ਉਤਪਾਦਨ ਦਾ ਟੀਚਾ 373.93 ਮਿਲੀਅਨ ਟਨ ਨਿਰਧਾਰਿਤ ਕੀਤਾ ਹੈ, ਜੋ ਕਿ 2025-26 ਦੇ ਰਿਕਾਰਡ 376.56 ਮਿਲੀਅਨ ਟਨ ਉਤਪਾਦਨ ਤੋਂ ਕੁੱਝ ਘੱਟ ਹੈ | ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਚਾਵਲ ਅਤੇ ਮੱਕੀ ਦੇ ਉਤਪਾਦਨ ਟੀਚਿਆਂ ਵਿਚ ਕੀਤੀ ਗਈ ਕਮੀ ਮੌਸਮੀ ਅਨਿਸ਼ਚਿਤਤਾਵਾਂ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਗਿਆ ਸਾਵਧਾਨੀ ਭਰਿਆ ਕਦਮ ਹੈ, ਜੇਕਰ ਮਾਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਖ਼ਰੀਫ਼ ਫ਼ਸਲਾਂ ਦੀ ਬਿਜਾਈ ਤੇ ਉਤਪਾਦਨ ਪ੍ਰਭਾਵਿਤ ਹੋ ਸਕਦੇ ਹਨ |
ਪੰਜਾਬ ਲਈ ਵਧੀ ਚਿੰਤਾ
ਖੇਤੀ ਮਾਹਿਰਾਂ ਅਨੁਸਾਰ ਪੰਜਾਬ ਭਾਵੇਂ ਨਹਿਰੀ ਤੇ ਟਿਊਬਵੈੱਲ ਆਧਾਰਿਤ ਸਿੰਚਾਈ ਪ੍ਰਣਾਲੀ ਵਾਲਾ ਸੂਬਾ ਹੈ, ਫਿਰ ਵੀ ਕਮਜ਼ੋਰ ਮਾਨਸੂਨ ਦੀ ਸਥਿਤੀ ਵਿਚ ਭੂਜਲ 'ਤੇ ਦਬਾਅ ਵਧ ਸਕਦਾ ਹੈ | ਝੋਨੇ ਦੀ ਖੇਤੀ ਲਈ ਟਿਊਬਵੈੱਲਾਂ ਦੀ ਵਰਤੋਂ ਵਧਣ ਕਾਰਨ ਬਿਜਲੀ ਦੀ ਮੰਗ ਅਤੇ ਖੇਤੀ ਲਾਗਤ ਵਿਚ ਵੀ ਵਾਧਾ ਹੋ ਸਕਦਾ ਹੈ | ਇਸ ਪ੍ਰਸੰਗ ਵਿਚ ਸਰਕਾਰ ਵਲੋਂ ਮੱਕੀ, ਬਾਜਰਾ ਤੇ ਦਾਲਾਂ ਵਰਗੀਆਂ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਦੀ ਸੰਭਾਵਨਾ ਹੈ | ਖੇਤੀ ਵਿਭਾਗਾਂ ਨੂੰ ਕਿਸਾਨਾਂ ਤੱਕ ਸਮੇਂ ਸਿਰ ਮੌਸਮੀ ਸਲਾਹਾਂ ਤੇ ਬਦਲਵੇਂ ਫ਼ਸਲੀ ਵਿਕਲਪ ਪਹੁੰਚਾਉਣ ਲਈ ਵੀ ਕਿਹਾ ਗਿਆ ਹੈ | ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਆਧੁਨਿਕ ਖੇਤੀ ਤਕਨਾਲੋਜੀ, ਮੌਸਮ ਆਧਾਰਿਤ ਸਲਾਹਕਾਰ ਸੇਵਾਵਾਂ, ਉੱਚ ਗੁਣਵੱਤਾ ਵਾਲੇ ਬੀਜ ਅਤੇ ਪ੍ਰਭਾਵਸ਼ਾਲੀ ਜਲ ਪ੍ਰਬੰਧਨ ਰਾਹੀਂ ਐਲ ਨੀਨੋ ਤੇ ਘੱਟ ਵਰਖਾ ਦੇ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ | ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਮਾਨਸੂਨ ਸੀਜ਼ਨ ਦੌਰਾਨ ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ |

ਪਿਛਲੀ ਖ਼ਬਰ ਜੂਨ '84 ਘੱਲੂਘਾਰਾ : ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਅਗਲੀ ਖ਼ਬਰ ਖੇਡ ਮੈਦਾਨਾਂ 'ਚ ਧੀਆਂ ਦੀ ਸਰਦਾਰੀ:-'ਅਸਮਿਤਾ ਲੀਗ' ਰਾਹੀਂ 3 ਲੱੱਖ ਤੋਂ ਵੱਧ ਮਹਿਲਾ ਖਿਡਾਰਨਾਂ ਦੇ ਹੁਨਰ ਨੂੰ ਲੱਗੇ ਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।