ਸ੍ਰੀ ਹਰਗੋਬਿੰਦਪੁਰ (ਬਟਾਲਾ), 10 ਜੂਨ (ਕਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਨਜ਼ਦੀਕ ਪੈਂਦੇ ਪਿੰਡ ਵਰਸਾਲ ਚੱਕ ਵਿਚ ਬਾਹਰੋਂ ਆਏ ਨੌਜਵਾਨਾਂ ਨੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ | ਇਸ ਦੌਰਾਨ ਦੋ ਔਰਤਾਂ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ | ਮਾਮਲਾ ਕਬੂਤਰਾਂ ਤੋਂ ਹੋਈ ਲੜਾਈ ਦਾ ਦੱਸਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪਿੰਡ ਵਰਸਾਲ ਚੱਕ ਦੇ ਵਿਅਕਤੀਆਂ ਦੀ ਆਪਸੀ ਲੜਾਈ ਹੋਈ ਸੀ, ਜਿਸ ਵਿਚ ਇੱਕ ਧਿਰ ਨੇ ਦੂਸਰੀ ਧਿਰ ਦੇ ਵਿਅਕਤੀ ਨੂੰ ਕੁੱਟਿਆ ਸੀ ਅਤੇ ਅੱਜ ਉਸ ਵਿਅਕਤੀ ਵਲੋਂ ਆਪਣੀ ਹੋਈ ਕੁੱਟ ਦਾ ਬਦਲਾ ਲੈਣ ਲਈ ਬਾਹਰੋਂ ਛੇ ਨੌਜਵਾਨ ਬੁਲਾਏ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਚਾਰ ਪਿਸਤੌਲ ਸਨ ਤੇ ਉਨ੍ਹਾਂ ਨੇ 30 ਤੋਂ 40 ਗੋਲੀਆਂ ਚਲਾਈਆਂ, ਜਿਸ ਕਾਰਨ ਇੱਕ ਵਿਅਕਤੀ ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ, ਜੋ ਦਿਹਾੜੀ ਕਰ ਕੇ ਆ ਰਿਹਾ ਸੀ ਉਸ ਦੀ ਲੱਤ ਵਿਚ ਗੋਲੀ ਮਾਰੀ, ਉਸ ਤੋਂ ਬਾਅਦ ਉਨ੍ਹਾਂ ਵਲੋਂ ਦਵਿੰਦਰ ਕੌਰ ਪਤਨੀ ਸਵ. ਗੁਰਨਾਮ ਸਿੰਘ ਸਾਬਕਾ ਫੌਜੀ 'ਤੇ ਗੋਲੀ ਚਲਾਈ ਜੋ ਉਸ ਦੇ ਮੋਢੇ ਵਿਚ ਲੱਗੀ | ਉਨ੍ਹਾਂ ਦੀ ਗੱਡੀ ਸਵਿਫਟ ਕਾਰ ਦੀ ਵੀ ਭੰਨਤੋੜ ਕੀਤੀ ਗਈ | ਇੰਨੀਆਂ ਗੋਲੀਆਂ ਚੱਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਕਰਵਾਇਆ ਗਿਆ ਹੈ | ਇਸ ਮੌਕੇ ਥਾਣਾ ਮੁਖੀ ਗਗਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਹਨ ਤੇ ਜਾਂਚ ਕਰ ਰਹੇ ਹਨ |