ਮੂਨਕ, 10 ਜੂਨ (ਕੇਵਲ ਸਿੰਗਲਾ)-ਦੇਸ਼ ਵਿਚ ਇਸ ਸਾਲ ਕਮਜ਼ੋਰ ਮਾਨਸੂਨ ਅਤੇ ਆਮ ਨਾਲੋਂ ਘੱਟ ਬਾਰਿਸ਼ ਦੀਆਂ ਸੰਭਾਵਨਾਵਾਂ ਨੇ ਖੇਤੀਬਾੜੀ ਖੇਤਰ ਵਿਚ ਚਿੰਤਾ ਵਧਾ ਦਿੱਤੀ ਹੈ | ਖ਼ਾਸ ਕਰਕੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਕਿਸਾਨ ਝੋਨੇ ਦੀ ਬਿਜਾਈ ਅਤੇ ਲੁਆਈ ਨੂੰ ਲੈ ਕੇ ਪਹਿਲਾਂ ਨਾਲੋਂ ਵੱਧ ਸਾਵਧਾਨੀ ਵਰਤ ਰਹੇ ਹਨ | ਖੇਤੀ ਮਾਹਿਰਾਂ ਤੇ ਕਿਸਾਨਾਂ ਅਨੁਸਾਰ ਪਿਛਲੇ ਸਾਲ ਅਗੇਤੀ ਬਿਜਾਈ ਵਾਲੇ ਝੋਨੇ ਨੂੰ ਬੌਣੇ ਪੌਦਿਆਂ ਦੀ ਬਿਮਾਰੀ ਕਾਰਨ ਨੁਕਸਾਨ ਝੱਲਣਾ ਪਿਆ ਸੀ, ਜਿਸ ਨਾਲ ਕਿਸਾਨਾਂ ਦੇ ਖ਼ਰਚੇ ਵੀ ਵਧੇ ਸਨ | ਇਸ ਤਜ਼ਰਬੇ ਤੋਂ ਸਬਕ ਲੈਂਦਿਆਂ ਇਸ ਵਾਰ ਬਹੁਤੇ ਕਿਸਾਨ ਝੋਨੇ ਦੀ ਬਿਜਾਈ ਤੇ ਲੁਆਈ 10 ਤੋਂ 15 ਦਿਨ ਦੇਰੀ ਨਾਲ ਕਰ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਢੁਕਵੇਂ ਸਮੇਂ 'ਤੇ ਲੁਆਈ ਕਰਨ ਨਾਲ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਪਾਣੀ ਦੀ ਬੱਚਤ ਵੀ ਹੋ ਸਕਦੀ ਹੈ | ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਲੁਆਈ ਦੀ ਰਫ਼ਤਾਰ ਹਾਲੇ ਕਾਫ਼ੀ ਧੀਮੀ ਚੱਲ ਰਹੀ ਹੈ | ਸੂਬਾ ਸਰਕਾਰ ਵਲੋਂ ਖੇਤੀ ਲਈ ਬਿਜਲੀ ਸਪਲਾਈ ਸ਼ੁਰੂ ਕਰਨ ਦੇ ਬਾਵਜੂਦ ਟਿਊਬਵੈੱਲਾਂ ਦੀ ਵਰਤੋਂ ਵੱਡੇ ਪੱਧਰ 'ਤੇ ਸ਼ੁਰੂ ਨਹੀਂ ਹੋਈ | ਟਿਊਬਵੈੱਲਾਂ ਦੀ ਘੱਟ ਵਰਤੋਂ ਕਾਰਨ ਭੂਜਲ ਦੇ ਡਿਗਦੇ ਪੱਧਰ ਨੂੰ ਵੀ ਕੁਝ ਹੱਦ ਤੱਕ ਰੋਕਣ ਵਿੱਚ ਮਦਦ ਮਿਲ ਸਕਦੀ ਹੈ | ਮੌਸਮ ਵਿਭਾਗ ਵਲੋਂ ਇਸ ਸਾਲ ਮਾਨਸੂਨ ਦੇ ਲੰਬੇ ਸਮੇਂ ਦੀ ਅÏਸਤ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ | ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਮੌਨਸੂਨ ਆਮ ਨਾਲੋਂ ਘੱਟ ਰਹਿੰਦਾ ਹੈ ਤਾਂ ਝੋਨਾ, ਮੱਕੀ, ਸੋਇਆਬੀਨ ਅਤੇ ਕਪਾਹ ਵਰਗੀਆਂ ਖ਼ਰੀਫ਼ ਫ਼ਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ | ਦੂਜੇ ਪਾਸੇ ਕਿਸਾਨ ਪਹਿਲਾਂ ਹੀ ਖਾਦਾਂ, ਡੀਜ਼ਲ, ਬੀਜ ਅਤੇ ਹੋਰ ਖੇਤੀ ਇਨਪੁੱਟਾਂ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ | ਖੇਤੀ ਅਰਥਸ਼ਾਸਤਰੀਆਂ ਅਨੁਸਾਰ ਇਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ ਅਤੇ ਪੇਂਡੂ ਖ਼ਰੀਦ ਸਮਰਥਾ 'ਤੇ ਪਵੇਗਾ, ਜਿਸ ਨਾਲ ਪਿੰਡਾਂ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਸਕਦੀ ਹੈ | ਮਾਹਿਰਾਂ ਅਨੁਸਾਰ ਕਮਜ਼ੋਰ ਮਾਨਸੂਨ ਦਾ ਅਸਰ ਸਿਰਫ਼ ਖੇਤੀ ਤੱਕ ਸੀਮਤ ਨਹੀਂ ਰਹੇਗਾ, ਸਗੋਂ ਖੁਰਕੀ ਮਹਿੰਗਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਪੇਂਡੂ ਰੁਜ਼ਗਾਰ ਅਤੇ ਸਮੁੱਚੀ ਆਰਥਿਕਤਾ ਵੀ ਪ੍ਰਭਾਵਿਤ ਹੋ ਸਕਦੀ ਹੈ |