ਵਿਚਾਰ-ਵਟਾਂਦਰਾ ਕਰਕੇ ਮਸਲਾ ਸੁਲਝਾਉਣਾ ਚਾਹੀਦਾ ਹੈ, ਤਰਲੋਚਨ ਸਿੰਘ ਵਲੋਂ ਜਥੇਦਾਰ ਨੂੰ ਪੱਤਰ
ਅੰਮਿ੍ਤਸਰ, 16 ਜੂਨ (ਜਸਵੰਤ ਸਿੰਘ ਜੱਸ)-ਉਘੇ ਸਿੱਖ ਵਿਦਵਾਨ, ਸਾਬਕਾ ਸੰਸਦ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਬੀਤੇ ਦਿਨ 15 ਜੂਨ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਜ਼ੀਰਾਂ ਤੇ ਵਿਧਾਇਕਾਂ ਨੂੰ 29 ਜੂਨ ਨੂੰ ਤਲਬ ਕਰਨ ਵਾਲੇ ਆਦੇਸ਼ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ | ਜਥੇਦਾਰ ਗੜਗੱਜ ਨੂੰ ਲਿਖੇ ਪੱਤਰ 'ਚ ਤਰੋਲਚਨ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਸੰਸਥਾ ਨੂੰ ਹਰ ਸਿੱਖ ਬੜੀ ਸ਼ਰਧਾ ਨਾਲ ਮਾਨਤਾ ਦਿੰਦਾ ਹੈ | ਅਕਾਲ ਤਖ਼ਤ ਤੋਂ ਸਿੱਖ ਕੌਮ ਦੀ ਭਲਾਈ ਲਈ ਸਦੀਆਂ ਤੋਂ ਫ਼ੈਸਲੇ ਲਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜੋ ਫ਼ੈਸਲਾ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਲਿਆ ਹੈ, ਉਸ ਬਾਰੇ ਮੀਡਿਆ 'ਚ ਬੜੀ ਚਰਚਾ ਚਲ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਆਪਣੀ ਵੱਡੀ ਉਮਰ ਹੋਣ ਕਰਕੇ ਬੜੇ ਚਿਰ ਤੋਂ ਬੜੀਆਂ ਇਤਿਹਾਸਕ ਘਟਨਾਵਾਂ ਤੋਂ ਜਾਣੰੂ ਹਾਂ | ਮੈਂ ਪਾਕਿਸਤਾਨ 'ਚੋਂ ਆਏ ਸ਼ਰਨਾਰਥੀਆਂ 'ਚ ਸ਼ਾਮਿਲ ਸੀ, ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਆਨੰਦਪੁਰ ਸਾਹਿਬ ਦਾ ਮਤਾ ਸਾਡੇ ਲਈ ਇਕ ਖਤਰੇ ਦੀ ਘੰਟੀ ਬਣਿਆ ਸੀ | ਸਾਰੇ ਭਾਰਤ 'ਚ ਇਸ ਦਾ ਅਰਥ ਇਹ ਕੱਢਿਆ ਗਿਆ ਕਿ ਅਸੀ ਵੱਖਵਾਦ ਦੇ ਹਾਮੀ ਹਾਂ | ਅਕਾਲੀ ਦਲ ਇਸ ਦੇ ਹੱਕ 'ਚ ਕੋਈ ਪ੍ਰਚਾਰ ਨਾ ਕਰ ਸਕਿਆ | ਅਖੀਰ 'ਚ ਧਰਮ ਯੁੱਧ ਮੋਰਚਾ ਤੇ ਨਿੰਦਣਯੋਗ ਆਪ੍ਰੇਸ਼ਨ 'ਬਲਿਊ ਸਟਾਰ' ਇਸ ਦੀ ਉਪਜ ਸਨ | ਇਸ ਬਾਰੇ ਹੁਣ ਕਈ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ 15 ਜੂਨ ਨੂੰ ਜੋ ਹੁਕਨਾਮਾ ਪੰਜਾਬ ਦੇ ਵਿਧਾਇਕਾਂ ਬਾਰੇ ਦਿੱਤਾ ਗਿਆ ਹੈ, ਉਸ ਦੀ ਚਰਚਾ ਅਜੀਬ ਰੰਗਤ ਲੈ ਰਹੀ ਹੈ | ਇਹ ਪਹਿਲੀ ਵਾਰ ਹੈ ਕਿ ਭਾਰਤ ਦੇਸ਼ 'ਚ ਸੰਸਦ ਜਾਂ ਕਿਸੇ ਵਿਧਾਨ ਸਭਾ ਦੇ ਹੋਏ ਫ਼ੈਸਲੇ ਕਾਰਨ ਸਾਰੇ ਵਿਧਾਇਕਾਂ ਨੂੰ ਕਿਸੇ ਹੋਰ ਅਥਾਰਟੀ ਨੇ ਸੰਮਨ ਕੀਤਾ ਹੋਵੇ | ਆਮ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ 'ਸਟੇਟ ਅੰਦਰ ਸਟੇਟ' ਦੀ ਥਿਊਰੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਜਦੋਂ ਇਹ ਬਿੱਲ ਅਸੈਂਬਲੀ 'ਚ ਪੇਸ਼ ਹੋਇਆ ਸੀ ਤਾਂ ਸਿੱਖ ਜੱਜਾਂ ਨੇ ਤੇ ਮੈਂ ਵੀ ਇਸ ਦਾ ਵਿਰੋਧ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬਜੀ ਬਾਰੇ ਕੋਈ ਕਾਨੂੰਨ ਨਹੀਂ ਬਣਾ ਸਕਦਾ | ਉਸ ਸਮੇਂ ਸ਼੍ਰੋਮਣੀ ਕਮੇਟੀ ਦੁਚਿੱਤੀ 'ਚ ਰਹੀ | ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਸਮੁੱਚੇ ਤੌਰ 'ਤੇ ਵਾਪਸ ਲੈ ਲੈਣਾ ਚਾਹੀਦਾ ਹੈ | ਉਨ੍ਹਾਂ ਪੱਤਰ 'ਚ ਲਿਖਿਆ ਕਿ ਮੇਰੀ ਬੇਨਤੀ ਹੈ ਕਿ ਬੀਤੇ ਕੱਲ੍ਹ ਦੇ ਹੁਕਮਨਾਮੇ 'ਤੇ ਮੁੜ ਵਿਚਾਰ ਹੋਵੇ ਤੇ ਵਿਧਾਇਕਾਂ, ਵਜ਼ੀਰਾਂ, ਸਪੀਕਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਬੁਲਾਉਣ ਦੀ ਪਰੰਪਰਾ ਬੜਾ ਗਲਤ ਸੰਦੇਸ਼ ਦੇਵੇਗੀ | ਉਨ੍ਹਾਂ ਜਥੇਦਾਰ ਨੂੰ ਸਲਾਹ ਦਿੱਤੀ ਕਿ ਤੁਹਾਨੂੰ ਵਿਚਾਰ-ਵਟਾਂਦਰਾ ਕਰਕੇ ਮਸਲਾ ਸੁਲਝਾਉਣਾ ਚਾਹੀਦਾ ਹੈ | ਅਸੀ ਪਿਛੋਕੜ ਤੋਂ ਸਬਕ ਸਿਖੀਏ ਤੇ ਟਕਰਾਓ ਦੀ ਨੀਤੀ ਤੋਂ ਕੌਮ ਨੂੰ ਬਚਾਈਏ | ਉਨ੍ਹਾਂ ਅਖੀਰ 'ਚ ਜਥੇਦਾਰ ਤੋਂ ਆਸ ਪ੍ਰਗਟਾਈ ਕਿ ਮੇਰੀ ਬੇਨਤੀ ਹੈ ਕਿ ਤੁਸੀਂ ਸਮੇਂ ਅਨੁਸਾਰ ਕੌਮ ਨੂੰ ਪੂਰੀ ਅਗਵਾਈ ਦਿੰਦੇ ਹੋਏ ਇਹ ਮਸਲੇ ਦਾ ਹੱਲ ਕਰੋਗੇ |
ਪੰਜਾਬ ਕੈਬਨਿਟ ਦੇ ਸਿੱਖ ਵਜ਼ੀਰਾਂ ਤੇ ਵਿਧਾਇਕਾਂ ਨੂੰ ਤਲਬ ਕਰਨ ਵਾਲੇ ਆਦੇਸ਼ 'ਤੇ ਮੁੜ ਵਿਚਾਰ ਕਰਨ ਦੀ ਅਪੀਲ
ਅਜੀਤ ਡੈਸਕ
17-06-2026