ਐੱਸ. ਏ. ਐੱਸ. ਨਗਰ, 16 ਜੂਨ (ਕਪਿਲ ਵਧਵਾ)-ਸ਼ੰਭੂ ਰੇਲਵੇ ਲਾਈਨ 'ਤੇ ਹੋਏ ਧਮਾਕੇ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਦੀ ਵਿਸ਼ੇਸ਼ ਅਦਾਲਤ ਨੇ ਬਾਬਾ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ ਉਰਫ਼ ਸੱਤਾ, ਪ੍ਰਦੀਪ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ 8 ਦਿਨਾਂ ਲਈ ਐਨ. ਆਈ. ਏ. ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਅਦਾਲਤ ਨੇ ਉਨ੍ਹਾਂ ਨੂੰ 23 ਜੂਨ ਨੂੰ ਮੁੜ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ | ਇਹ ਮਾਮਲਾ 27 ਅਪ੍ਰੈਲ, 2026 ਨੂੰ ਸ਼ੰਭੂ ਅਤੇ ਰਾਜਪੁਰਾ ਦਰਮਿਆਨ ਡੀ. ਐੱਫ. ਸੀ. ਸੀ. ਆਈ. ਐੱਲ. ਰੇਲਵੇ ਲਾਈਨ 'ਤੇ ਹੋਏ ਧਮਾਕੇ ਨਾਲ ਸੰਬੰਧਿਤ ਹੈ | ਐੱਨ. ਆਈ. ਏ. ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਕੇਸ ਨੂੰ ਮੁੜ ਦਰਜ ਕਰਕੇ ਜਾਂਚ ਆਪਣੇ ਹੱਥ ਵਿਚ ਲਈ ਗਈ ਹੈ ਅਤੇ ਵੱਡੀ ਸਾਜਿਸ਼, ਧਮਾਕਾਖੇਜ਼ ਸਮਗਰੀ ਦੇ ਸਰੋਤ, ਸਾਥੀਆਂ ਦੀ ਭੂਮਿਕਾ ਅਤੇ ਫ਼ੰਡਿੰਗ ਬਾਰੇ ਪੁੱਛਗਿੱਛ ਲਈ ਮੁਲਜ਼ਮਾਂ ਦੀ ਹਿਰਾਸਤ ਲਾਜ਼ਮੀ ਹੈ | ਏਜੰਸੀ ਨੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ | ਇਸੇ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਮੁਲਜ਼ਮ ਪਹਿਲਾਂ ਹੀ ਪੰਜਾਬ ਪੁਲਿਸ ਕੋਲ ਕਾਫ਼ੀ ਸਮਾਂ ਰਿਮਾਂਡ 'ਤੇ ਰਹਿ ਚੁੱਕੇ ਹਨ ਅਤੇ ਲੋੜੀਂਦੀਆਂ ਬਰਾਮਦਗੀਆਂ ਹੋ ਚੁੱਕੀਆਂ ਹਨ, ਇਸ ਲਈ ਐਨ. ਆਈ. ਏ. ਨੂੰ ਹੋਰ ਹਿਰਾਸਤ ਦੀ ਲੋੜ ਨਹੀਂ | ਇਸੇ ਦੌਰਾਨ ਵਿਸ਼ੇਸ਼ ਜੱਜ ਹਰਦੀਪ ਸਿੰਘ ਨੇ ਸੁਪਰੀਮ ਕੋਰਟ ਦੇ ਗੌਤਮ ਨਵਲਖਾ ਬਨਾਮ ਐਨ. ਆਈ. ਏ. ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਸ ਪੰਜਾਬ ਪੁਲਿਸ ਤੋਂ ਐਨ. ਆਈ. ਏ. ਕੋਲ ਆਉਣ ਕਾਰਨ ਨਿਆਂਇਕ ਹਿਰਾਸਤ 'ਚੋਂ ਪੁਲਿਸ ਰਿਮਾਂਡ ਦੇਣ ਦੀ ਅਰਜ਼ੀ ਕਾਇਮ ਰਹਿੰਦੀ ਹੈ | ਅਦਾਲਤ ਨੇ ਮੰਨਿਆ ਕਿ ਧਮਾਕਾਖੇਜ਼ ਸਮਗਰੀ ਦੇ ਸਰੋਤ, ਵਿੱਤੀ ਲੜੀ ਅਤੇ ਹੋਰ ਦਹਿਸ਼ਤੀ ਗਤੀਵਿਧੀਆਂ ਨਾਲ ਸੰਬੰਧਾਂ ਦੀ ਜਾਂਚ ਲਈ ਮੁਲਜ਼ਮਾਂ ਦੀ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ | ਅਦਾਲਤ ਨੇ ਐੱਨ. ਆਈ. ਏ. ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਮੁਲਜ਼ਮਾਂ ਨੂੰ 8 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ | ਇਸ ਦੇ ਨਾਲ ਹੀ ਅਦਾਲਤ ਨੇ ਕੇਸ ਵਿਚ ਬੀ. ਐੱਨ. ਐੱਸ., ਪਬਲਿਕ ਪ੍ਰਾਪਰਟੀ ਨੁਕਸਾਨ ਰੋਕੂ ਐਕਟ, ਯੂ. ਏ. ਪੀ. ਏ. ਅਤੇ ਐਕਸਪਲੋਸਿਵ ਸਬਸਟਾਂਸ ਐਕਟ ਦੀਆਂ ਹੋਰ ਧਾਰਾਵਾਂ ਸ਼ਾਮਿਲ ਕਰਨ ਦੀ ਅਰਜ਼ੀ ਵੀ ਮਨਜ਼ੂਰ ਕਰ ਲਈ ਹੈ |
ਸ਼ੰਭੂ ਰੇਲਵੇ ਧਮਾਕਾ ਮਾਮਲਾ-ਬਾਬਾ ਗੁਰਜਿੰਦਰ ਸਿੰਘ ਸਮੇਤ 5 ਜਣੇ 8 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ <br/>
ਅਜੀਤ ਡੈਸਕ
17-06-2026