ਜਗਦੇਵ ਕਲਾਂ/ਅਜਨਾਲਾ, 16 ਜੂਨ (ਸ਼ਰਨਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੱਲੋਦੀਨ (ਖਤਰਾਏ ਕਲਾਂ) ਵਿਖੇ ਜ਼ਮੀਨ ਦੀ ਵੱਟ ਦੇ ਰੌਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਜਰਨੈਲ ਸਿੰਘ ਦੀ ਮੌਤ ਅਤੇ ਦੂਜੀ ਧਿਰ ਦੇ ਜਤਿੰਦਰਪਾਲ ਸਿੰਘ ਦੇ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ, ਜੋ ਕਿ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈ | ਮਿ੍ਤਕ ਜਰਨੈਲ ਸਿੰਘ ਵਾਸੀ ਸੱਲੋਦੀਨ ਦੇ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਾਸਟਰ ਜਤਿੰਦਰਪਾਲ ਸਿੰਘ ਬਾਗਾ ਨਾਲ ਜ਼ਮੀਨ ਦੀ ਵੱਟ ਝਗੜੇ ਨੂੰ ਲੈ ਕੇ ਕੁਝ ਸਮੇਂ ਤੋਂ ਤਣਾਅ ਚੱਲਦਾ ਆ ਰਿਹਾ ਸੀ, ਜੋ ਕਿ ਪਿੰਡ ਦੇ ਮੁਹਤਬਰਾਂ ਵਲੋਂ ਬੈਠ ਕੇ ਕੁਝ ਦਿਨ ਪਹਿਲਾਂ ਸੁਲਝਾਇਆ ਵੀ ਗਿਆ ਸੀ | ਉਸ ਨੇ ਦੱਸਿਆ ਕਿ ਅੱਜ ਸਵੇਰੇ ਮਾਸਟਰ ਜਤਿੰਦਰਪਾਲ ਸਿੰਘ ਆਪਣੇ ਪੁੱਤਰ ਨੂੰ ਨਾਲ ਲੈ ਕੇ ਟਰੈਕਟਰ ਨਾਲ ਜ਼ਮੀਨ ਵਾਹੁਣ ਆ ਗਿਆ ਅਤੇ ਜ਼ਮੀਨ ਦੀ ਵੱਟ ਵਾਹ ਦਿੱਤੀ, ਜਿਸ ਨੂੰ ਸਾਡੇ ਵਲੋਂ ਰੋਕਣ 'ਤੇ ਦੂਜੀ ਧਿਰ ਵਲੋਂ ਮੇਰੇ ਪਿਤਾ ਜਰਨੈਲ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਮੇਰਾ ਪਿਤਾ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇਸ ਘਟਨਾ ਵਿਚ ਦੂਜੀ ਧਿਰ ਦੇ ਜ਼ਖ਼ਮੀ ਹੋਏ ਮਾਸਟਰ ਜਤਿੰਦਰਪਾਲ ਸਿੰਘ ਦਾ ਵੀ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਝੰਡੇਰ ਦੇ ਐੱਸ.ਐੱਚ.ਓ. ਸਤਨਾਮ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ ਤੇ ਦੱਸਿਆ ਕਿ ਮਿ੍ਤਕ ਵਿਅਕਤੀ ਜਰਨੈਲ ਸਿੰਘ ਦੇ ਪੁੱਤਰ ਗਿਆਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਸਟਰ ਜਤਿੰਦਰ ਸਿੰਘ ਅਤੇ ਉਸ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ | ਫਿਲਹਾਲ ਦੂਜੀ ਧਿਰ ਦੇ ਜਤਿੰਦਰਪਾਲ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਬਿਆਨ ਦਰਜ ਨਹੀਂ ਕੀਤੇ ਜਾ ਸਕੇ |
ਵੱਟ ਦੇ ਰੌਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ-ਇਕ ਦੀ ਮੌਤ, ਦੂਜਾ ਜ਼ਖ਼ਮੀ <br/>
ਅਜੀਤ ਡੈਸਕ
17-06-2026