ਦਿੜ੍ਹਬਾ ਮੰਡੀ, 16 ਜੂਨ (ਹਰਬੰਸ ਸਿੰਘ ਛਾਜਲੀ) - ਪਿੰਡ ਕਮਾਲਪੁਰ ਨੇੜੇ ਭਾਰਤ ਮਾਲਾ ਰੋਡ ਤੋਂ ਟਰੱਕ ਥੱਲੇ ਡਿਗਣ ਕਰਕੇ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪ੍ਰਾਪਤ ਵੇਰਵਿਆਂ ਅਨੁਸਾਰ ਲੋਹੇ ਨਾਲ ਭਰਿਆ ਟਰੱਕ ਰਾਤ ਸਮੇਂ ਭਾਰਤ ਮਾਲਾ ਰੋਡ 'ਤੇ ਜੈਪੁਰ (ਰਾਜਸਥਾਨ) ਨੂੰ ਜਾ ਰਿਹਾ ਸੀ | ਡਰਾਈਵਰ ਹੇਮ ਸਿੰਘ ਵਾਸੀ ਜ਼ਿਲ੍ਹਾ ਕਲੌਲੀ (ਰਾਜਸਥਾਨ) ਮਲੇਰਕੋਟਲਾ ਤੋਂ ਲੋਹੇ ਦਾ ਟਰੱਕ ਭਰ ਕੇ ਜੈਪੁਰ ਨੂੰ ਜਾ ਰਿਹਾ ਸੀ | ਰਾਤ ਦੇ ਹਨੇਰੇ 'ਚ ਪਿੰਡ ਕਮਾਲਪੁਰ ਨੇੜੇ ਪੁਲ ਦੀ ਕ੍ਰਾਂਸਿੰਗ ਦੇ ਨੇੜੇ ਟਰੱਕ ਅਚਾਨਕ ਭਾਰਤ ਮਾਲਾ ਰੋਡ ਤੋਂ ਥੱਲੇ ਡਿੱਗ ਪਿਆ | ਜਿਸ ਨਾਲ ਟਰੱਕ ਦਾ ਵੀ ਭਾਰੀ ਨੁਕਸਾਨ ਹੋ ਗਿਆ | ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ | ਟਰੱਕ ਵਿੱਚ ਡਰਾਈਵਰ ਇਕੱਲਾ ਹੀ ਸੀ | ਦਿੜ੍ਹਬਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕਰਦਿਆਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |