ਖਨੌਰੀ, 16 ਜੂਨ (ਬਲਵਿੰਦਰ ਸਿੰਘ ਥਿੰਦ)- ਸਥਾਨਕ ਸ਼ਹਿਰ 'ਚ ਅੱਜ ਸਿਖ਼ਰ ਦੁਪਹਿਰੇ ਇੱਕ ਨੌਜਵਾਨ ਲੁਟੇਰੇ ਨੇ ਖਨੌਰੀ ਦੇ ਮੇਨ ਬਾਜ਼ਾਰ ਸਥਿਤ ਇਕ ਦੁਕਾਨ 'ਚ ਦਾਖਲ ਹੋ ਕੇ ਗੇਂਦ ਲੈਣ ਦੇ ਬਹਾਨੇ ਬਜ਼ੁਰਗ ਅÏਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਲਈ ਅਤੇ ਮੋਟਰਸਾਈਕਲ 'ਤੇ ਬੱਸ ਸਟੈਂਡ ਵੱਲ ਨੂੰ ਫ਼ਰਾਰ ਹੋ ਗਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਚੋਪੜਾ ਗਿਫ਼ਟ ਹਾਊਸ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਚੋਪੜਾ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਰੋਟੀ ਖਾਣ ਦੇ ਲਈ ਦੁਕਾਨ ਦੇ ਉੱਪਰ ਬਣੇ ਆਪਣੇ ਘਰ 'ਚ ਗਿਆ ਹੋਇਆ ਸੀ, ਜਦਕਿ ਦੁਕਾਨ 'ਤੇ ਉਸਦੀ ਦਾਦੀ ਅਮਰਜੀਤ ਕੌਰ ਪਤਨੀ ਕੁਲਦੀਪ ਸਿੰਘ ਚੋਪੜਾ ਇਕੱਲੀ ਬੈਠੀ ਹੋਈ ਸੀ | ਉਸ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਇੱਕ ਸਿਰੋਂ ਮੋਨਾ ਨੌਜਵਾਨ ਦੁਕਾਨ 'ਤੇ ਆਇਆ ਅਤੇ ਖਿਡੌਣੇ ਵਾਲੀ ਗੇਂਦ ਦੀ ਕੀਮਤ ਪੁੱਛ ਕੇ ਚਲਾ ਗਿਆ | ਕੁੱਝ ਮਿੰਟਾਂ ਬਾਅਦ ਉਹ ਮੁੜ ਦੁਕਾਨ 'ਤੇ ਆਇਆ ਅਤੇ ਖਿਡੌਣਾ ਕਾਰ ਦਿਖਾਉਣ ਲਈ ਕਿਹਾ | ਉਨ੍ਹਾਂ ਦੱਸਿਆ ਕਿ ਜਦੋਂ ਉਸਦੀ ਦਾਦੀ ਵਲੋਂ ਉਸ ਨੂੰ ਸਾਮਾਨ ਦਿਖਾਇਆ ਜਾ ਰਿਹਾ ਸੀ ਤਾਂ ਉਸ ਨੇ ਹੋਰ ਸਮਾਨ ਦਿਖਾਉਣ ਦੀ ਗੱਲ ਕਰਕੇ ਉਨ੍ਹਾਂ ਦਾ ਧਿਆਨ ਭਟਕਾਉਂਦਿਆਂ ਮੌਕਾ ਦੇਖ ਕੇ ਉਕਤ ਲੁਟੇਰਾ ਸੋਨੇ ਦੀ ਵਾਲੀ ਝਪਟ ਕੇ ਬਾਹਰ ਖੜ੍ਹੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਹਰਪ੍ਰੀਤ ਸਿੰਘ ਚੋਪੜਾ ਨੇ ਦੱਸਿਆ ਕਿ ਉਸਦੀ ਦਾਦੀ ਵੱਲੋਂ ਰੌਲਾ ਪਾਉਣ 'ਤੇ ਉਹ ਤੁਰੰਤ ਹੇਠਾਂ ਆਏ ਅਤੇ ਉਕਤ ਲੁਟੇਰੇ ਦਾ ਪਿੱਛਾ ਵੀ ਕੀਤਾ, ਪਰ ਉਹ ਅੱਖਾਂ ਤੋਂ ਓਝਲ ਹੋ ਗਿਆ | ਹਰਪ੍ਰੀਤ ਸਿੰਘ ਚੋਪੜਾ ਦੇ ਅਨੁਸਾਰ ਉਨ੍ਹਾਂ ਵਲੋਂ ਆਸ ਪਾਸ ਲੱਗੀਆਂ ਦੁਕਾਨਾਂ 'ਤੇ ਜਾ ਕੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਤੇ ਪਤਾ ਲੱਗਿਆ ਕਿ ਲੁਟੇਰਾ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲ 'ਤੇ ਆਇਆ ਸੀ | ਘਟਨਾ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ |