20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਹੁਕਮ ਤੋਂ ਬਾਅਦ ਪੈਦਾ ਹੋਏ ਹਾਲਾਤਾਂ ’ਤੇ ਅਕਾਲੀ ਦਲ ਦੀ ਕੋਰ ਕਮੇਟੀ ਨੇ ਕੀਤੀਆਂ ਵਿਚਾਰਾਂ ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਮਾਨ ਨੂੰ ਸਜ਼ਾ ਦੀ ਕੀਤੀ ਗਈ ਮੰਗ- 4 ਘੰਟੇ ਚੱਲੀ ਮੀਟਿੰਗ ਰਹੀ ਬੇਸਿੱਟਾ

ਅਜੀਤ ਡੈਸਕ 18-06-2026
ਚੰਡੀਗੜ੍ਹ, 17 ਜੂਨ (ਪ੍ਰੋ. ਅਵਤਾਰ ਸਿੰਘ) - ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਹੁਕਮ ਤੋਂ ਬਾਅਦ ਬਣੇ ਹਾਲਾਤਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀਆਂ ਟਿੱਪਣੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ ਦੇਰ ਰਾਤ ਤੱਕ ਚੱਲੀ। ਕਰੀਬ ਚਾਰ ਘੰਟੇ ਚੱਲੀ ਕੋਰ ਕਮੇਟੀ ਦੀ ਮੀਟਿੰਗ ਬੇਸਿੱਟਾ ਰਹੀ, ਹਾਲਾਂਕਿ ਇਸ ਮੀਟਿੰਗ ਦੌਰਾਨ ਮੌਜੂਦਾ ਸਥਿਤੀ ਅਤੇ ਪਾਰਟੀ ਦੇ ਅਗਲੇ ਰੁਖ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ ਅਤੇ ਇਸ ਦੀ ਮਰਿਆਦਾ ਅਤੇ ਅਧਿਕਾਰਾਂ ਨਾਲ ਜੁੜੇ ਕਿਸੇ ਵੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਨੇ ਜਥੇਦਾਰ ਵਲੋਂ ਜਾਰੀ ਹੁਕਮ ਤੋਂ ਬਾਅਦ ਪੈਦਾ ਹੋਏ ਹਾਲਾਤਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਾਰਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਲਿਆਂਦੇ ਗਏ ਬੇਅਦਬੀ ਸਬੰਧੀ ਕਾਨੂੰਨ ਦੇ ਪ੍ਰਸੰਗ ਵਿੱਚ ਮੁੱਖ ਮੰਤਰੀ ਦੀਆਂ ਟਿੱਪਣੀਆਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਕਾਰਵਾਈ ਕੀਤੇ ਜਾਣ ਦੀ ਸੂਰਤ ਵਿਚ ਮੁੱਖ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਹੋ ਸਕਦੀ ਹੈ। ਹਾਲਾਂਕਿ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਕਾਨੂੰਨ ਸਬੰਧੀ ਪਹਿਲਾਂ ਪੰਥਕ ਪੱਧਰ ‘ਤੇ ਇਤਰਾਜ਼ ਉਠਾਏ ਗਏ ਸਨ ਅਤੇ ਇਸ ਨੂੰ ਲੈ ਕੇ ਵਿਵਾਦ ਬਣਿਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਅਤੇ ਮਾਮਲੇ ‘ਤੇ ਹੋਰ ਵਿਚਾਰ-ਵਟਾਂਦਰੇ ਲਈ ਭਲ੍ਹਕੇ ਮੀਟਿੰਗ ਮੁੜ ਬੁਲਾਈ ਗਈ ਹੈ। ਪਾਰਟੀ ਅਗਲੀ ਮੀਟਿੰਗ ਤੋਂ ਬਾਅਦ ਆਪਣਾ ਅਧਿਕਾਰਤ ਫ਼ੈਸਲਾ ਅਤੇ ਰਣਨੀਤੀ ਜਨਤਕ ਕਰੇਗੀ। ਇਸ ਦੌਰਾਨ ਸਿਆਸੀ ਹਲਕਿਆਂ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਅਕਾਲੀ ਦਲ ਵਲੋਂ ਭਲ੍ਹਕੇ ਕੀਤੇ ਜਾਣ ਵਾਲੇ ਐਲਾਨ ‘ਤੇ ਪੰਥਕ ਅਤੇ ਸਿਆਸੀ ਵਰਗਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਦੀ ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਪਰਮਜੀਤ ਸਿੰਘ ਸਰਨਾ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ, ਮਨਜੀਤ ਸਿੰਘ ਜੀ.ਕੇ., ਗੁਰਬਚਨ ਸਿੰਘ ਬੱਬੇਹਾਲੀ, ਵਿਰਸਾ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਰਸ਼ਦੀਪ ਸਿੰਘ ਕਲੇਰ, ਬਲਦੇਵ ਸਿੰਘ ਮਾਨ, ਬੀਬੀ ਹਰਗੋਬਿੰਦ ਕੌਰ ਤੋਂ ਇਲਾਵਾ ਹੋਰ ਕੋਰ ਕਮੇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਲਿਬਨਾਨ ’ਚ ਫਸੇ 5 ਪੰਜਾਬੀ ਨੌਜਵਾਨਾਂ ਦੀ ‘ਖ਼ਾਲਸਾ ਏਡ’ ਦੇ ਯਤਨਾਂ ਨਾਲ ਹੋਈ ਵਤਨ ਵਾਪਸੀ ਅਗਲੀ ਖ਼ਬਰ ਜ਼ਮੀਨੀ ਵਿਵਾਦ ਦੌਰਾਨ ਗੋਲੀ ਲੱਗਣ ਨਾਲ ਮੌਤ-ਦੋ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।