20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਲਿਬਨਾਨ ’ਚ ਫਸੇ 5 ਪੰਜਾਬੀ ਨੌਜਵਾਨਾਂ ਦੀ ‘ਖ਼ਾਲਸਾ ਏਡ’ ਦੇ ਯਤਨਾਂ ਨਾਲ ਹੋਈ ਵਤਨ ਵਾਪਸੀ

ਅਜੀਤ ਡੈਸਕ 18-06-2026
ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ) - ਦੁਨੀਆ ਭਰ ‘ਚ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਜਾਣੀ ਜਾਂਦੀ ‘ਖ਼ਾਲਸਾ ਏਡ’ ਸੰਸਥਾ ਦੇ ਲਗਾਤਾਰ ਯਤਨਾਂ ਸਦਕਾ ਲਿਬਨਾਨ ‘ਚ ਫਸੇ ਪੰਜਾਬ ਦੇ ਪੰਜ ਨੌਜਵਾਨ ਸੁਰੱਖਿਅਤ ਤੌਰ ‘ਤੇ ਆਪਣੇ ਵਤਨ ਭਾਰਤ ਪਰਤ ਆਏ ਹਨ, ਜੋ ਅਮਰੀਕਾ-ਈਰਾਨ ਤਣਾਅ ਦੇ ਮੱਦੇਨਜ਼ਰ ਲਿਬਨਾਨ ‘ਚ ਬਣੇ ਅਣ-ਸੁਖਾਵੇਂ ਅਤੇ ਅਸਥਿਰ ਹਾਲਾਤਾਂ ਕਾਰਨ ਉੱਥੇ ਫਸੇ ਹੋਏ ਸਨ। ‘ਖ਼ਾਲਸਾ ਏਡ’ (ਭਾਰਤ) ਦੇ ਟਰੱਸਟੀ ਜਸਪ੍ਰੀਤ ਸਿੰਘ ਦਾਹੀਆ ਨੇ ਜਾਣਕਾਰੀ ਦਿੱਤੀ ਕਿ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਲਿਬਨਾਨ ‘ਚ ਚੱਲ ਰਹੇ ਮਨੁੱਖਤਾ ਸੇਵਾ ਅਤੇ ਰਾਹਤ ਕਾਰਜਾਂ ਦੌਰਾਨ ਉੱਥੇ ਗਏ ਹੋਏ ਸਨ, ਜਿਨ੍ਹਾਂ ਨਾਲ ਲਿਬਨਾਨ ਦੇ ਸ਼ਹਿਰ ਬੇਰੂਤ ਸਥਿਤ ਐਡੋਨਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬਤੌਰ ਹੈੱਡ ਗ੍ਰੰਥੀ ਸੇਵਾਵਾਂ ਨਿਭਾ ਰਹੇ ਭਾਈ ਪ੍ਰਿਤਪਾਲ ਸਿੰਘ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਉੱਥੇ ਫਸੇ ਪੰਜਾਬ ਦੇ ਕਰਮ ਸਿੰਘ (ਪਟਿਆਲਾ), ਦਲਬੀਰ ਸਿੰਘ (ਜਲੰਧਰ), ਹਰਜਿੰਦਰ ਕੁਮਾਰ (ਜਲੰਧਰ), ਜਸਪ੍ਰੀਤ ਸਿੰਘ (ਪਟਿਆਲਾ) ਅਤੇ ਵਚਿੱਤਰ ਸਿੰਘ (ਹੁਸ਼ਿਆਰਪੁਰ) ਦੇ ਹਾਲਾਤਾਂ ਤੋਂ ਜਾਣੂ ਕਰਵਾਇਆ। ਇਹ ਵਿਅਕਤੀ ਕਰੀਬ 8-10 ਸਾਲ ਪਹਿਲਾਂ ਲਿਬਨਾਨ ਵਿਖੇ ਨੌਕਰੀ ਕਰਨ ਗਏ ਸਨ। ਉੱਥੇ ਇਨ੍ਹਾਂ ਦੇ ਪਾਸਪੋਰਟ ਅਤੇ ਦਸਤਾਵੇਜ਼ ਕੰਪਨੀ ਦੇ ਠੇਕੇਦਾਰਾਂ ਨੇ ਰੱਖ ਲਏ ਸਨ, ਜਿਸ ਕਰਕੇ ਦਸਤਾਵੇਜ਼ਾਂ ਦੀ ਘਾਟ ਕਰਕੇ ਉਹ ਵਾਪਸ ਨਹੀਂ ਪਰਤ ਸਕਦੇ ਸਨ। ਰਵੀ ਸਿੰਘ ਨੇ ਇਨ੍ਹਾਂ ਫਸੇ ਹੋਏ ਨੌਜਵਾਨਾਂ ਦੀ ਸਹਾਇਤਾ ਲਈ ਜਸਪ੍ਰੀਤ ਸਿੰਘ ਦਾਹੀਆ ਦੀ ਜ਼ਿੰਮੇਵਾਰੀ ਲਗਾਈ, ਤਾਂ ਉਨ੍ਹਾਂ ਨੇ ਤੁਰੰਤ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਚਿਵ ਅਤੇ ਮੌਜੂਦਾ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ । ਉਨ੍ਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਅਤੇ ਬੇਰੂਤ ਸਥਿਤ ਭਾਰਤੀ ਦੂਤਾਵਾਸ ਨਾਲ ਲੋੜੀਂਦਾ ਤਾਲਮੇਲ ਸਥਾਪਤ ਕੀਤਾ ਗਿਆ, ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੇ ਦਸਤਾਵੇਜ਼ ਤਿਆਰ ਕੀਤੇ ਗਏ ਅਤੇ ਇਨ੍ਹਾਂ ਦੀ ਵਤਨ ਵਾਪਸੀ ਸੰਭਵ ਹੋ ਸਕੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਰਮ ਸਿੰਘ, ਦਲਬੀਰ ਸਿੰਘ, ਹਰਜਿੰਦਰ ਕੁਮਾਰ, ਜਸਪ੍ਰੀਤ ਸਿੰਘ ਅਤੇ ਵਚਿੱਤਰ ਸਿੰਘ ਨੇ ਆਪਣੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਤਨ ਵਾਪਸੀ ਕਰਵਾਉਣ ‘ਤੇ ‘ਖ਼ਾਲਸਾ ਏਡ’ ਦੇ ਰਵੀ ਸਿੰਘ, ਜਸਪ੍ਰੀਤ ਸਿੰਘ ਦਾਹੀਆ, ਬੇਰੂਤ ਸਥਿਤ ਭਾਰਤੀ ਦੂਤਾਵਾਸ ਅਤੇ ਤਰਨਜੀਤ ਸਿੰਘ ਸੰਧੂ ਦਾ ਦਿਲੋਂ ਧੰਨਵਾਦ ਕੀਤਾ। ਜਸਪ੍ਰੀਤ ਸਿੰਘ ਦਾਹੀਆ ਨੇ ਦਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪਰਤੇ ਕਰੀਬ ਇਕ ਮਹੀਨਾ ਹੋ ਗਿਆ ਹੈ, ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਨਾਲ ਭਾਈ ਪ੍ਰਿਤਪਾਲ ਸਿੰਘ ਨੇ ਫਿਰ ਸੰਪਰਕ ਕੀਤਾ ਹੈ ਅਤੇ ਲਿਬਨਾਨ ‘ਚ ਫਸੇ ਹੋਰ ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ‘ਖ਼ਾਲਸਾ ਏਡ’ ਤੋਂ ਸਹਾਇਤਾ ਦੀ ਉਮੀਦ ਲਗਾ ਕੇ ਬੈਠੇ ਹਨ । ਸ. ਦਾਹੀਆ ਨੇ ਕਿਹਾ ਕਿ ‘ਖ਼ਾਲਸਾ ਏਡ’ ਹੁਣ ਉਨ੍ਹਾਂ ਵਿਅਕਤੀਆਂ ਦੀ ਘਰ ਵਾਪਸੀ ਦੇ ਯਤਨ ਸ਼ੁਰੂ ਕਰ ਰਹੀ ਹੈ। ਇਸ ਮੌਕੇ ‘ਖ਼ਾਲਸਾ ਏਡ’ ਦੇ ਜਗਜੀਤ ਸਿੰਘ, ਇੰਦਰਜੀਤ ਸਿੰਘ, ਗਗਨਦੀਪ ਸਿੰਘ, ਗੁਰਦੀਪ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਡਿਪਟੀ ਚੋਣ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਹੁਕਮ ਤੋਂ ਬਾਅਦ ਪੈਦਾ ਹੋਏ ਹਾਲਾਤਾਂ ’ਤੇ ਅਕਾਲੀ ਦਲ ਦੀ ਕੋਰ ਕਮੇਟੀ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।