14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਧਾਮੀ, ਬਡੂੰਗਰ ਤੇ ਸੁਖਬੀਰ ਨੂੰ ਵੀ ਤਲਬ ਕਰਨ ਜਥੇਦਾਰ-ਗੁਰਪ੍ਰਤਾਪ ਸਿੰਘ ਵਡਾਲਾ

ਅਜੀਤ ਡੈਸਕ 23-06-2026

ਚੰਡੀਗੜ੍ਹ, 22 ਜੂਨ (ਪ੍ਰੋ. ਅਵਤਾਰ ਸਿੰਘ) ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਅੱਜ ਇੱਥੇ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੰਘ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਗਈ ਕਿ ਉਹ 27 ਜੂਨ ਦੇ ਜਰਨਲ ਹਾਊਸ ਤੋਂ ਪਹਿਲਾਂ ਸ਼੍ਰੋੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਤਲਬ ਕਰਕੇ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਦੋ ਦਸੰਬਰ 2024 ਦੇ ਹੁਕਮਨਾਮਿਆਂ ਨੂੰ ਨਾ ਮੰਨਣ ਦਾ ਗੁਨਾਹ ਕਿਸ ਮਜਬੂਰੀ ਤਹਿਤ ਕੀਤਾ ? ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਵਡਾਲਾ ਨੇ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਵਿਚ ਸਪੱਸ਼ਟ ਆਦੇਸ਼ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜੋ ਅਕਾਲੀ ਦਲ ਦੀ ਭਰਤੀ ਕਰਕੇ ਨਵੀਂ ਲੀਡਰਸ਼ਿਪ ਉਭਾਰੇਗੀ ਪਰ ਹਰਜਿੰਦਰ ਸਿੰਘ ਧਾਮੀ ਸ਼੍ਰ੍ਰੋਮਣੀ ਕਮੇਟੀ ਤੇ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਘਰ ਜਾ ਬੈਠੇ । ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਾਲਾ ਅਸਤੀਫਾ ਤਾਂ ਕੁਝ ਦਿਨਾਂ ਵਿਚ ਹੀ ਵਾਪਸ ਲੈ ਲਿਆ ਪਰ ਬਿਨਾ ਕੋਈ ਖਾਸ ਵਜ੍ਹਾ ਦੱਸੇ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਕਿਨਾਰਾ ਕਰੀ ਰੱਖਿਆ। ਉਨ੍ਹਾਂ ਵੱਲ ਵੇਖ ਕੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਹੁਕਮਨਾਮੇ ਤੋਂ ਬਾਗੀ ਹੋ ਗਏ ਅਤੇ ਭਰਤੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ । ਵਡਾਲਾ ਨੇ ਕਿਹਾ ਕਿ ਹੁਣ ਜਦੋਂ ਇਹ ਲੀਡਰ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ ਤਾਂ ਇਨ੍ਹਾਂ ਤੋਂ ਇਹ ਵੀ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਇਨ੍ਹਾਂ ਉਪਰ ਜਿੰਮੇਵਾਰੀ ਸੀ ਤਾਂ ਉਸ ਹੁਕਮਨਾਮੇ ਨੂੰ ਕਿਉਂ ਨਾ ਮੰਨਿਆ ਗਿਆ। ਇੰਨਾ ਹੀ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਆਪਣੇ ਖਿਲਾਫ ਸਾਜਿਸ਼ ਦੱਸਣ ਵਾਲੇ ਸੁਖਬੀਰ ਸਿੰਘ ਬਾਦਲ ਨਾਲ ਲਗਾਤਾਰ ਮੀਟਿੰਗਾਂ ਅਤੇ ਸਟੇਜਾਂ ਸਾਂਝੀਆਂ ਕਰ ਰਹੇ ਹਨ । ਵਡਾਲਾ ਨੇ ਜਥੇਦਾਰ ਨੂੰ ਯਾਦ ਕਰਾਇਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਆਪਣੇ ਕਤਲ ਦੀ ਸਾਜਿਸ਼ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਲਈ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਆਪ ਜੀ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਹੋਈ ਹੈ । ਇਨ੍ਹਾਂ ਦੋਹਾਂ ਆਗੂਆਂ ਦੇ ਨਾਲ-ਨਾਲ ਆਪ ਜੀ ਨੂੰ ਸੁਖਬੀਰ ਸਿੰਘ ਬਾਦਲ ਖਿਲਾਫ ਆਈ ਸ਼ਿਕਾਇਤ ਦਾ ਵੀ ਨਿਪਟਾਰਾ ਕਰਨਾ ਚਾਹੀਦਾ ਹੈ । 15 ਜੂਨ ਦੇ ਹੁਕਮਨਾਮੇ ਤੋਂ ਆਸ ਬੱਝੀ ਹੈ ਕਿ ਆਪ ਜੀ ਇਸੇ ਦਲੇਰੀ ਨਾਲ 1999 ਤੋਂ ਬਾਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ, ਪਰ ਕਦੇ ਲਾਗੂ ਨਾ ਕੀਤੇ ਗਏ, ਸਾਰੇ ਆਦੇਸ਼ ਅਤੇ ਹੁਕਮਨਾਮੇ ਪ੍ਰਵਾਨ ਚੜ੍ਹਾ ਦਿਓਗੇ। ਵਡਾਲਾ ਨੇ ਕਿਹਾ ਕਿ ਕੋਰ ਕਮੇਟੀ ਨੇ ਸਾਂਝੇ ਤੌਰ ’ਤੇ ਜਥੇਦਾਰ ਸਾਹਿਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮੌਕੇ ਦੀਆਂ ਸਰਕਾਰਾਂ ਦੀ ਪਰਵਾਹ ਨਾ ਕਰਦਿਆਂ ਸਭ ਦੀ ਜਵਾਬ ਤਲਬੀ ਕੀਤੀ ਹੈ। ਉਸੇ ਤਰ੍ਹਾਂ ਉਨ੍ਹਾਂ ਨੂੰ ਧਾਮੀ, ਬਡੂੰਗਰ ਅਤੇ ਸੁਖਬੀਰ ਖਿਲਾਫ ਵੀ ਦਲੇਰੀ ਨਾਲ ਫੈਸਲਾ ਲੈਣਾ ਚਾਹੀਦਾ ਹੈ। ਅੱਜ ਦੀ ਇਸ ਮੀਟਿੰਗ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫਿਲੌਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਇਕਬਾਲ ਸਿੰਘ ਝੂੰਦਾਂ, ਪ੍ਰਕਾਸ਼ ਚੰਦ ਗਰਗ, ਸੰਤਾ ਸਿੰਘ ਉਮੈਦਪੁਰੀ, ਗਗਨਜੀਤ ਸਿੰਘ ਬਰਨਾਲਾ, ਰਣਜੀਤ ਸਿੰਘ ਛੱਜਲਵੱਡੀ, ਭਾਈ ਮਨਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਰਘਬੀਰ ਸਿੰਘ ਰਾਜਾਸਾਂਸੀ, ਅਜੈਪਾਲ ਸਿੰਘ ਮੀਰਾਂਕੋਟ, ਕਰਨ ਸਿੰਘ ਡੀ.ਟੀ.ਓ, ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ, ਮਨਿੰਦਰ ਸਿੰਘ ਧੁੰਨਾ, ਗਿਆਨੀ ਹਰਦੀਪ ਸਿੰਘ, ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਤੇ ਤਜਿੰਦਰ ਸਿੰਘ ਪੰਨੂੰ ਮੀਡੀਆ ਇੰਚਾਰਜ ਸ਼ਾਮਲ ਸਨ।

ਪਿਛਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਕਾਰਨ ਨੌਜਵਾਨ ਦਾ ਕਤਲ ਅਗਲੀ ਖ਼ਬਰ ਨਸ਼ਾ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੈਦਾਨ ’ਚ ਉਤਰੇਗੀ ਭਾਰਤੀ ਜਨਤਾ ਪਾਰਟੀ-ਨਿਤਿਨ ਨਬੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।