ਕਿਹਾ, ਸਿਰਫ਼ ਡਿਗਰੀ ਨਹੀਂ, ਸਗੋਂ ਕਰੀਅਰ ਅਤੇ ਸ਼ਖ਼ਸੀਅਤ ਦਾ ਨਿਰਮਾਣ ਯੂਨੀਵਰਸਿਟੀ ਦੀ ਮੁੱਖ ਤਰਜ਼ੀਹ
ਐੱਸ. ਏ. ਐੱਸ. ਨਗਰ, 23 ਜੂਨ (ਪ੍ਰੋ. ਅਵਤਾਰ ਸਿੰਘ)-ਸਿੱਖਿਆ ਦੇ ਖੇਤਰ ‘ਚ ਇਕ ਛੋਟੇ ਜਿਹੇ ਪਿੰਡ ਝੰਜੇੜੀ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਹਾਸਿਲ ਕਰ ਚੁੱਕਾ ਹੈ। ਇਹ ਪ੍ਰਗਟਾਵਾ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ, ਉਦਯੋਗਿਕ ਤਜ਼ਰਬੇ ਅਤੇ ਗਲੋਬਲ ਮੌਕਿਆਂ ਨਾਲ ਜੋੜ ਕੇ ਭਵਿੱਖ ਲਈ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਦੀ ਸ਼ੁਰੂਆਤ ਸਾਲ 2001 ‘ਚ ਸਿਰਫ਼ 100 ਵਿਦਿਆਰਥੀਆਂ ਨਾਲ ਹੋਈ ਸੀ, ਪਰ ਅੱਜ ਇਹ ਸੰਸਥਾ ਇਕ ਵਿਸ਼ਾਲ ਸਿੱਖਿਆ ਸਮੂਹ ਦੇ ਰੂਪ ਵਿਚ ਸਥਾਪਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 2012 ਵਿਚ ਸੀ. ਜੀ. ਸੀ. ਕਾਲਜ ਝੰਜੇੜੀ ਦੀ ਸਥਾਪਨਾ ਹੋਈ ਸੀ ਅਤੇ ਬਾਅਦ ਵਿਚ ਸਰਕਾਰ ਵਲੋਂ ਯੂਨੀਵਰਸਿਟੀ ਦਾ ਦਰਜਾ ਮਿਲਣ ਉਪਰੰਤ ਇਹ ਸੰਸਥਾ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਜੋਂ ਨਵੀਂ ਪਛਾਣ ਨਾਲ ਅੱਗੇ ਵਧ ਰਹੀ ਹੈ। ਅਮਰੀਕਾ ‘ਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਆਪਣੇ ਤਜ਼ਰਬੇ ਦਾ ਜ਼ਿਕਰ ਕਰਦਿਆਂ ਅਰਸ਼ ਧਾਲੀਵਾਲ ਨੇ ਦੱਸਿਆ ਕਿ ਉਥੇ ਦੀਆਂ ਆਧੁਨਿਕ ਸਿੱਖਿਆ ਪੱਧਤੀਆਂ ਨੂੰ ਯੂਨੀਵਰਸਿਟੀ ਵਿਚ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਲੇਸਮੈਂਟ ਦੇ ਖੇਤਰ ਵਿਚ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2025-26 ਦੌਰਾਨ ਵਿਦਿਆਰਥੀਆਂ ਨੂੰ ਲਗਭਗ 2,000 ਤੋਂ ਵੱਧ ਨੌਕਰੀਆਂ ਦੇ ਆਫ਼ਰ ਪ੍ਰਾਪਤ ਹੋਏ ਹਨ। 1200 ਤੋਂ ਵੱਧ ਕੰਪਨੀਆਂ ਨਾਲ ਯੂਨੀਵਰਸਿਟੀ ਦੇ ਸਮਝੌਤੇ ਸਹੀਬੱਧ ਹੋ ਚੁੱਕੇ ਹਨ, ਜਦਕਿ 200 ਤੋਂ ਵੱਧ ਕੰਪਨੀਆਂ ਕੈਂਪਸ ਭਰਤੀ ਲਈ ਆ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਸਾਲ ਸਭ ਤੋਂ ਉੱਚਾ ਪੈਕੇਜ਼ 1 ਕਰੋੜ ਰੁ. ਤੇ ਔਸਤ ਪੈਕੇਜ਼ 6.2 ਲੱਖ ਰੁ. ਸਾਲਾਨਾ ਰਿਹਾ। ਵਿਦੇਸ਼ੀ ਮੌਕਿਆਂ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ 320 ਤੋਂ ਵੱਧ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਮਝੌਤੇ ਸਹੀਬੱਧ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਫਰਾਂਸ, ਦੱਖਣੀ ਕੋਰੀਆ ਅਤੇ ਜਪਾਨ ਦੀਆਂ ਯੂਨੀਵਰਸਿਟੀਆਂ ਨਾਲ ਸਾਂਝ ਰਾਹੀਂ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਜਪਾਨੀ ਭਾਸ਼ਾ ਸਿੱਖਿਆ ਕੇਂਦਰ ਦੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਲਈ ਜਪਾਨ ਦੀਆਂ ਕੰਪਨੀਆਂ ‘ਚ ਰੁਜ਼ਗਾਰ ਦੇ ਰਸਤੇ ਖੁੱਲ੍ਹਣਗੇ। ਐਵਾਰਡਾਂ ਅਤੇ ਪ੍ਰਾਪਤੀਆਂ ਬਾਰੇ ਗੱਲਬਾਤ ਕਰਦਿਆਂ ਅਰਸ਼ ਧਾਲੀਵਾਲ ਨੇ ਦੱਸਿਆ ਕਿ ਸੰਸਥਾ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਕਈ ਮਾਣ-ਸਨਮਾਨ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਅਤੇ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੂੰ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਲਈ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।ਆਖ਼ਿਰ ਵਿਚ ਅਰਸ਼ ਧਾਲੀਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਲਈ ਸੰਸਥਾ ਦੀ ਚੋਣ ਕਰਦੇ ਸਮੇਂ ਉਸ ਦੀਆਂ ਪ੍ਰਾਪਤੀਆਂ, ਪਲੇਸਮੈਂਟ ਰਿਕਾਰਡ, ਫੈਕਲਟੀ, ਲੀਡਰਸ਼ਿਪ ਅਤੇ ਕੈਂਪਸ ਮਾਹੌਲ ਨੂੰ ਜ਼ਰੂਰ ਧਿਆਨ ਵਿਚ ਰੱਖਣ।
ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਮੌਕੇ ਦੇਣ ਲਈ ਵਚਨਬੱਧ ਹੈ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ-ਅਰਸ਼ ਧਾਲੀਵਾਲ
ਅਜੀਤ ਡੈਸਕ
24-06-2026