15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੂਬੇ ਦੇ ਬਹੁਗਿਣਤੀ ਸਕੂਲ ਸਰੀਰਕ ਸਿੱਖਿਆ ਲੈਕਚਰਾਰਾਂ ਤੋਂ ਸੱਖਣੇ 1942 ਸਕੂਲਾਂ ’ਚੋਂ ਸਿਰਫ਼ 593 ’ਚ ਲੈਕਚਰਾਰ, ਢਾਈ ਲੱਖ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ

ਅਜੀਤ ਡੈਸਕ 27-06-2026
ਬਠਿੰਡਾ, 26 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਇਕ ਪਾਸੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸੂਬੇ ’ਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸੂਬੇ ਦੇ ਵੱਡੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਰਕ ਸਿੱਖਿਆ ਵਿਸ਼ੇ ਦੇ ਲੈਕਚਰਾਰਾਂ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ। ਸੂਬੇ ਭਰ ’ਚ ਇਸ ਵਿਸ਼ੇ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਨਵੀਂ ਭਰਤੀ ਤਾਂ ਕੀ ਕੀਤੀ ਜਾਣੀ ਸੀ, ਸਗੋਂ ਕੁਲ 765 ਅਸਾਮੀਆਂ ’ਚੋਂ 265 ’ਤੇ ਸਾਲ 2018 ਵਿਚ ਲਗਾਏ ਕੱਟ ਦੇ ਅਜੇ ਤੱਕ ਬਹਾਲੀ ਨਹੀਂ ਕੀਤੀ ਗਈ, ਜਿਸ ਕਾਰਨ 11ਵੀਂ ਅਤੇ 12 ਕਲਾਸ ਦੇ 5 ਲੱਖ ਤੋਂ ਵੱਧ ‘ਸਰੀਰਕ ਸਿੱਖਿਆ ਅਤੇ ਖੇਡਾਂ’ ਵਿਸ਼ੇ ਦੇ ਵਿਦਿਆਰਥੀ ਇਸ ਵਿਸ਼ੇ ਦੀ ਮੁਹਾਰਤ ਹਾਸਲ ਕਰਨ ਤੋਂ ਸੱਖਣੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਵਿਚ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਸ਼ੇ ਦੀ ਪੜ੍ਹਾਈ ਕਰ ਰਹੇ ਢਾਈ ਲੱਖ ਤੋਂ ਵੱਧ ਵਿਦਿਆਰਥੀਆਂ ਲਈ 1942 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਸਰੀਰਕ ਸਿੱਖਿਆ ਵਿਸ਼ੇ ਦੇ ਸਿਰਫ਼ 593 ਲੈਕਚਰਾਰ ਹੀ ਮੌਜੂਦ ਹਨ।ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿਚ ਵੱਖ-ਵੱਖ ਵਿਸ਼ਿਆਂ ਲਈ ਲੈਕਚਰਾਰਾਂ ਦੀਆਂ ਕੁੱਲ 13859 ਮਨਜ਼ੂਰ ਅਸਾਮੀਆਂ ਹਨ, ਜਿਨ੍ਹਾਂ ਨੂੰ ਭਰਨ ਦਾ ਨਾ ਹੀ ਪਹਿਲੀਆਂ ਅਤੇ ਨਾ ਹੀ ਮੌਜੂਦਾ ਸਰਕਾਰ ਨੇ ਕੋਈ ਕੰਮ ਕੀਤਾ ਹੈ। ਇੱਥੇ ਹੀ ਬਸ ਨਹੀਂ ਪਿਛਲੇ ਦਿਨੀਂ ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਵਿਸ਼ਿਆਂ ਦੀਆਂ ਨਵੀਆਂ ਅਤੇ ਬੈਕਲਾਗ ਦੀਆਂ 1013 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਪਰ ਇਸ ਵਿਚ ਵੀ ਸਰੀਰਕ ਸਿੱਖਿਆ ਲੈਕਚਰਾਰ ਦੀ ਇਕ ਵੀ ਅਸਾਮੀ ਨਹੀਂ ਕੱਢੀ ਗਈ ਹੈ। ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਬਠਿੰਡਾ ਅਤੇ ਇੰਦਰਪਾਲ ਸਿੰਘ ਢਿੱਲੋਂ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਸਿੱਖਿਆ ਸਕੱਤਰ ਨੇ 2018 ਦੇ ਸਰਵਿਸ ਰੂਲਾਂ ਅਧੀਨ ਬਿਨ੍ਹਾਂ ਕਿਸੇ ਕਾਰਨ ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ ਕੁਲ 765 ’ਚੋਂ 265 ਅਸਾਮੀਆਂ ’ਤੇ ਕੱਟ ਮਾਰਦਿਆਂ ਇਹ ਗਿਣਤੀ ਘਟਾ ਕੇ 500 ਕਰ ਦਿੱਤੀ ਸੀ, ਜਿਸ ਦੇ ਸੁਧਾਰ ਵੱਲ ਮੁੜ ਕਿਸੇ ਸਰਕਾਰ ਜਾਂ ਵਿਭਾਗ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਵਿਸ਼ੇ ਦੇ 1000 ਲੈਕਚਰਾਰਾਂ ਦੀਆਂ ਅਸਾਮੀਆਂ ਹੋਰ ਦੇਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਖੁਦਮੁਖ਼ਤਿਆਰ ਸਰੂਪ ਬਰਕਰਾਰ ਰੱਖਿਆ ਜਾਵੇ- ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਬਾਸਮਤੀ ਕਿਸਾਨਾਂ ਦੀ ਆਮਦਨ ਤੇ ਦੇਸ਼ ਦੀ ਵਿਦੇਸ਼ੀ ਕਮਾਈ ਦਾ ਸਹਾਰਾ, ਪਰ ਭਾਅ ਸੁਰੱਖਿਆ ਅਜੇ ਵੀ ਵੱਡਾ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।