04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨਾਂ ਸਦਕਾ ਦੁਬਈ ਤੋਂ ਸੁਰੱਖਿਅਤ ਭਾਰਤ ਪਰਤਿਆ ਪੰਜਾਬੀ ਨੌਜਵਾਨ

ਅਜੀਤ ਡੈਸਕ 30-06-2026

ਬਲਾਚੌਰ, 29 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਦੁਬਈ ਵਿਚ ਇਕ ਕੰਪਨੀ ਤੇ ਠੱਗ ਏਜੰਟਾਂ ਦੇ ਚੁੰਗਲ ਵਿਚ ਫਸੇ ਪੰਜਾਬ ਦੇ ਨੌਜਵਾਨ ਕਰਨਪ੍ਰੀਤ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਮੈਂਬਰ ਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨਾਂ ਸਦਕਾ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਹੈ। ਕਰਨਪ੍ਰੀਤ ਸਿੰਘ ਦੇ ਸੁਰੱਖਿਅਤ ਵਤਨ ਪਰਤਣ ਨਾਲ ਉਸ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਨੇ ਬੀਬੀ ਰਾਮੂਵਾਲੀਆ ਦਾ ਧੰਨਵਾਦ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਸਭ ਤੋਂ ਪਹਿਲਾਂ ਦੁਬਈ ਸਥਿਤ ਭਾਰਤੀ ਦੂਤਾਵਾਸ ਨੂੰ ਅਧਿਕਾਰਤ ਤੌਰ ‘ਤੇ ਗੱਲਬਾਤ ਕਰਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਤੌਰ ‘ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਨਾਲ ਫੋਨ ‘ਤੇ ਗੱਲਬਾਤ ਕਰਕੇ ਨੌਜਵਾਨ ਦੀ ਜਾਨ ਨੂੰ ਖਤਰੇ ਅਤੇ ਉਸ ‘ਤੇ ਬਣਾਏ ਜਾ ਰਹੇ ਨਾਜਾਇਜ਼ ਦਬਾਅ ਬਾਰੇ ਜਾਣੂ ਕਰਵਾਇਆ। ਕੇਂਦਰੀ ਮੰਤਰੀ ਦੇ ਦਖਲ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਤੁਰੰਤ ਐਕਸ਼ਨ ਲੈਂਦਿਆਂ ਕਰਨਪ੍ਰੀਤ ਸਿੰਘ ਨਾਲ ਸੰਪਰਕ ਸਾਧਿਆ ਅਤੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਵਾ ਕੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਭੇਜ ਦਿੱਤਾ। ਪੀੜਤ ਕਰਨਪ੍ਰੀਤ ਸਿੰਘ ਦੇ ਪਿਤਾ ਇਕ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦੇ ਹਨ। ਠੱਗ ਏਜੰਟਾਂ ਤੇ ਕੰਪਨੀ ਦੇ ਲੋਕਾਂ ਨੇ ਇਕ ਸਾਜ਼ਿਸ਼ ਤਹਿਤ ਇਸ ਗਰੀਬ ਪਰਿਵਾਰ ਨੂੰ ਡਰਾ-ਧਮਕਾ ਕੇ ਘੱਟੋ-ਘੱਟ 25 ਲੱਖ ਰੁਪਏ ਹੜੱਪ ਲਏ। ਇਸ ਤੋਂ ਇਲਾਵਾ, ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਬਈ ਵਿਚ ਨਜ਼ਰਬੰਦ ਕਰਕੇ ਰੱਖਣ ਦੌਰਾਨ ਉਸ ਨੂੰ ਮਾਨਸਿਕ ਤੌਰ ‘ਤੇ ਬੇਹੱਦ ਪ੍ਰੇਸ਼ਾਨ ਕੀਤਾ, ਉਸਦੀ ਬਣਦੀ ਮਹੀਨਾਵਾਰ ਤਨਖਾਹ ਵੀ ਨਹੀਂ ਦਿੱਤੀ ਗਈ ਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਠੱਗ ਏਜੰਟਾਂ ਤੇ ਕੰਪਨੀ ਮਾਲਕਾਂ ਦਾ ਇੱਕ ਬਹੁਤ ਵੱਡਾ ਸੰਗਠਿਤ ਗੈਂਗ ਚੱਲ ਰਿਹਾ ਹੈ, ਜੋ ਭਾਰਤ ਤੇ ਦੁਬਈ ਦੋਵਾਂ ਥਾਵਾਂ ਤੋਂ ਆਪਰੇਟ ਕਰਦਾ ਹੈ। ਜੇਕਰ ਕਰਨਪ੍ਰੀਤ ਨੂੰ ਕੁੱਝ ਹੁੰਦਾ ਹੈ ਤਾਂ ਉਹ ਇਸ ਦੇ ਜ਼ਿੰਮੇਵਾਰ ਹੋਣਗੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦਾ ਧੰਨਵਾਦ ਕੀਤਾ। ਇਸ ਮੌਕੇ ਚਰਨਜੀਤ ਸਿੰਘ ਬੰਗਾ, ਬਾਬਾ ਗੁਰਮੀਤ ਸਿੰਘ ਬਕਾਪੁਰ, ਅਮਨ ਰਾਣਾ, ਜਤਿੰਦਰ ਸਿੰਘ ਸੈਣੀ, ਜਸਵੰਤ ਸਿੰਘ ਕੰਗਣਾ, ਪ੍ਰਵੀਨ ਪੁਰੀ, ਨਰਿੰਦਰ ਭਾਟੀਆ, ਨੰਦ ਕਿਸ਼ੋਰ, ਨਰਿੰਦਰ ਸੂਦਨ, ਸੁਰਿੰਦਰ ਪਾਲ ਵਰਮਾ ਤੇ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਜਾਗਦੀ ਜ਼ਮੀਰ ਵਾਲੇ ‘ਆਪ’ ਵਿਧਾਇਕਾਂ ਤੇ ਮੰਤਰੀਆਂ ਨੇ ਮੁੱਖ ਮੰਤਰੀ ਦੇ ਪੰਥ ਵਿਰੋਧੀ ਇਰਾਦਿਆਂ ਨੂੰ ਕੀਤਾ ਬੇਨਕਾਬ-ਮਜੀਠੀ... ਅਗਲੀ ਖ਼ਬਰ ਲਾਹੌਰ ’ਚ ਮਨਾਈ ਗਈ ਸ਼ੇਰ-ਏ-ਪੰਜਾਬ ਦੀ 187ਵੀਂ ਬਰਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।