07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਖੜਗੇ ਫਿਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣੇ ਤਰੁਣ ਚੁੱਘ ਸਮੇਤ 7 ਹੋਰ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ

ਅਜੀਤ ਡੈਸਕ 30-06-2026

ਨਵੀਂ ਦਿੱਲੀ, 29 ਜੂਨ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਇਕ ਵਾਰ ਫਿਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣ ਗਏ ਹਨ। 25 ਜੂਨ, 2026 ਨੂੰ ਖੜਗੇ ਦਾ ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਤਕਨੀਕੀ ਰੂਪ ਤੋਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ’ਤੇ ਨਹੀਂ ਰਹਿ ਗਏ ਸਨ। ਕਾਂਗਰਸ ਪ੍ਰਧਾਨ ਖੜਗੇ ਵਲੋਂ ਸੋਮਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਜਾਰੀ ਇਕ ਅਧਿਕਾਰਿਕ ਸੰਸਦੀ ਬੁਲੇਟਿਨ ’ਚ ਦੱਸਿਆ ਗਿਆ ਕਿ ਖੜਗੇ ਨੂੰ ਰਾਜ ਸਭਾ ਲਈ ਚੁਣੇ ਜਾਣ ਦੇ ਨਾਲ ਹੀ ਉਨ੍ਹਾਂ ਨੂੰ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਮਲਿਕਅਰਜੁਨ ਖੜਗੇ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁਕਾਈ। ਖੜਗੇ ਨੇ ਹਿੰਦੀ ’ਚ ਸਹੁੰ ਚੁੱਕੀ। ਇਸ ਮੌਕੇ ਰਾਜ ਸਭਾ ਦੇ ਉਪ-ਚੇਅਰਮੈਨ ਹਰੀਵੰਸ਼, ਸਦਨ ਦੇ ਨੇਤਾ ਜੇ.ਪੀ. ਨੱਢਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ, ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਖੜਗੇ ਨੇ ਸਹੁੰ ਚੁੱਕਣ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਉਹ ਜਨਤਾ ਦੀ ਚਿੰਤਾ, ਆਸ ਅਤੇ ਆਵਾਜ਼ ਨੂੰ ਪੂਰੀ ਇਮਾਨਦਾਰੀ, ਮਜ਼ਬੂਤ ਵਿਸ਼ਵਾਸ ਅਤੇ ਸੰਕਲਪ ਨਾਲ ਚੁੱਕਦੇ ਰਹਿਣਗੇ। ਉਨ੍ਹਾਂ ਮੁੜ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਅਤੇ ਉਪਰਲੇ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਜ਼ਿੰਮੇਵਾਰੀ ਨੂੰ ਮਾਣ ਦਾ ਵਿਸ਼ਾ ਕਰਾਰ ਦਿੱਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੇ ਨਾਲ ਭਾਜਪਾ ਆਗੂ ਤਰੁਣ ਚੁੱਘ ਅਤੇ 6 ਹੋਰ ਨਵੇਂ ਚੁਣੇ ਗਏ ਰਾਜ ਸਭਾ ਮੈਂਬਰਾਂ ਨੇ ਸੋਮਵਾਰ ਨੂੰ ਸਹੁੰ ਚੁੱਕੀ। ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਣਨ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਜਿਨ੍ਹਾਂ ਮੈਂਬਰਾਂ ਨੇ ਸਹੁੰ ਚੁੱਕੀ ਉਨ੍ਹਾਂ ’ਚ ਮਾਨਸਿੰਘ ਮੇਰਾਮਨ ਪਰਮਾਰ, ਤਰੁਣ ਚੁੱਘ, ਅਲਕਾ ਸਿੰਘ, ਜਿਤੇਂਦਰ ਮੇਘਜੀਭਾਈ ਕੰਜ਼ਾਰੀਆ, ਰਾਜੇਂਦਰ ਹੀਰਾਲਾਲ ਜੈਨ, ਐਮ ਨਾਗਰਾਜ ਅਤੇ ਅਧਿਕਾਰੀਮਯੂਮ ਸ਼ਰਧਾ ਦੇਵੀ ਸ਼ਾਮਿਲ ਹਨ। ਚਾਰ ਮੈਂਬਰਾਂ ਨੇ ਹਿੰਦੀ ’ਚ, ਇਕ ਨੇ ਕੰਨੜ ’ਚ, ਇਕ ਨੇ ਪੰਜਾਬੀ ਅਤੇ ਇਕ ਨੇ ਮਨੀਪੁਰੀ ’ਚ ਸਹੁੰ ਚੁੱਕੀ।

ਪਿਛਲੀ ਖ਼ਬਰ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੇ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ ’ਚ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ ਅਗਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼-ਸ੍ਰੀਮਤੀ ਨੀਨਾ ਰਾਣੀ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।