ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ‘ਅੰਮ੍ਰਿਤ ਭਾਰਤ’ ਯੋਜਨਾ ਤਹਿਤ ਵੱਖ-ਵੱਖ ਰੇਲਵੇ ਪ੍ਰਾਜੈਕਟਾਂ ਦੇ ਉਦਘਾਟਨ ਲਈ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਕਰਵਾਈ ਰੈਲੀ ’ਚ ਹਰੇ ਰੰਗ ਦੀ ਦਸਤਾਰ ਸਜਾ ਕੇ ਪਹੁੰਚੇ ਸਨ ਅਤੇ ਉਨ੍ਹਾਂ ਦੇ ਸਿਰ ’ਤੇ ਸਜੀ ਇਹ ਦਸਤਾਰ ਕਾਫੀ ਸੁੰਦਰ ਵੀ ਲੱਗ ਰਹੀ ਸੀ ਅਤੇ ਪ੍ਰਧਾਨ ਮੰਤਰੀ ਨੂੰ ਜਚ ਵੀ ਰਹੀ ਸੀ ਪਰ ਦਸਤਾਰ ਦੇ ਹਰੇ ਰੰਗ ਨੇ ਸਿਆਸੀ ਹਲਕਿਆਂ ’ਚ ਕਈ ਤਰ੍ਹਾਂ ਦੀ ਚਰਚਾ ਵੀ ਛੇੜ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਅਕਸਰ ਕੇਸਰੀ ਰੰਗ ਦੀ ਦਸਤਾਰ ਸਜਾਉਣ ਨੂੰ ਪਹਿਲ ਦਿੰਦੇ ਸਨ ਪਰ ਇਸ ਵਾਰ ਉਨ੍ਹਾਂ ਵਲੋਂ ਹਰੇ ਰੰਗ ਦੀ ਦਸਤਾਰ ਸਜਾਉਣ ਪਿੱਛੇ ਜ਼ਰੂਰ ਕੋਈ ਖਾਸ ਕਾਰਨ ਹੋ ਸਕਦਾ ਹੈ। ਇਸੇ ਲਈ ਕੁਝ ਲੋਕਾਂ ਵਲੋਂ ਪ੍ਰਧਾਨ ਮੰਤਰੀ ਦੀ ਪੱਗ ਦੇ ਹਰੇ ਰੰਗ ਨੂੰ ਕਿਸਾਨੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰਾ ਰੰਗ ਫ਼ੌਜ ਨਾਲ ਵੀ ਸੰਬੰਧਿਤ ਹੋਣ ਕਾਰਨ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਜਵਾਨਾਂ ਤੇ ਕਿਸਾਨਾਂ ਦੋਵਾਂ ਨੂੰ ਸੰਬੋਧਨ ਹੋਣ ਲਈ ਹੀ ਹਰੇ ਰੰਗ ਦੀ ਪੱਗ ਬੰਨ੍ਹ ਕੇ ਆਏ ਹੋਣ । ਇਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਪੱਗ ਦੇ ਰੰਗ ਨੇ ਸੂਬੇ ਦੀ ਸਿਆਸਤ ਨੂੰ ਇਕ ਵਾਰ ਤਾਂ ਜ਼ਰੂਰ ਹਰੇ ਰੰਗ ’ਚ ਰੰਗ ਦਿੱਤਾ ਹੈ ਅਤੇ ਅੱਜ ਹਰ ਕੋਈ ਇਸ ਹਰੇ ਰੰਗ ਦੀ ਪੱਗ ਦੀ ਹੀ ਚਰਚਾ ਕਰ ਰਿਹਾ ਹੈ। ਓਧਰ ਪ੍ਰਧਾਨ ਮੰਤਰੀ ਦੀ ਜਿਸ ਹਰੇ ਰੰਗ ਦੀ ਦਸਤਾਰ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਉਹ ਦਸਤਾਰ ਪ੍ਰਧਾਨ ਮੰਤਰੀ ਦੇ ਸਜਾਉਣ ਵਾਲਾ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਸਮਪ੍ਰੀਤ ਸਿੰਘ ਹੈ ਅਤੇ ਉਹ ਪਹਿਲਾਂ ਵੀ ਦੋ ਵਾਰ ਸਾਲ 2022 ਤੇ 2024 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਸਤਾਰ ਸਜਾ ਚੁੱਕੇ ਹਨ । ਪ੍ਰਧਾਨ ਮੰਤਰੀ ਦੇ ਦਸਤਾਰ ਸਜਾ ਕੇ ਮਾਣ ਮਹਿਸੂਸ ਕਰ ਰਹੇ ਨੌਜਵਾਨ ਸਮਪ੍ਰੀਤ ਸਿੰਘ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਕਿ ਉਸ ਨੂੰ ਇਸ ਵਾਰ ਖਾਸ ਤੌਰ ’ਤੇ ਹਰੇ ਰੰਗ ਦੀ ਪੱਗ ਲਿਆਉਣ ਲਈ ਕਿਹਾ ਗਿਆ ਸੀ। ਉਸ ਨੇ ਦਸਿਆ ਕਿ ਪੱਗ ਬੰਨ੍ਹਣ ਸਮੇਂ ਕਮਰੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੁਝ ਇਕ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਕੋਈ ਹੋਰ ਨਹੀਂ ਸੀ, ਜਿਸ ਕਾਰਨ ਉਸ ਨੂੰ ਪ੍ਰਧਾਨ ਮੰਤਰੀ ਦੇ ਕਾਫੀ ਨੇੜੇ ਹੋਣ ਕਾਰਨ ਘਬਰਾਹਟ ਦੇ ਨਾਲ-ਨਾਲ ਖੁਸ਼ੀ ਵੀ ਮਹਿਸੂਸ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਏਨਾ ਨਜ਼ਦੀਕ ਹੋਣਾ ਉਸ ਲਈ ਮਾਣ ਦੀ ਗੱਲ ਸੀ। ਸਮਪ੍ਰੀਤ ਸਿੰਘ ਨੇ ਦਸਿਆ ਕਿ ਉਸ ਨੇ ਪੱਗ ਦੀ ਪੂਣੀ ਪਹਿਲਾਂ ਹੀ ਕਰਕੇ ਰੱਖੀ ਹੋਈ ਸੀ, ਜਿਸ ਕਾਰਨ ਉਸ ਨੇ ਕੇਵਲ ਡੇਢ ਕੁ ਮਿੰਟ ’ਚ ਹੀ ਪ੍ਰਧਾਨ ਮੰਤਰੀ ਦੇ ਸਿਰ ’ਤੇ ਦਸਤਾਰ ਸਜਾ ਦਿੱਤੀ ਸੀ। ਇਸ ਪੱਗ ਦਾ ਕੱਪੜਾ 6 ਮੀਟਰ ਸੀ ਤੇ ਪੰਜ ਲੜਾਂ ਵਾਲੀ ਇਸ ਪੱਗ ਦਾ ਸਟਾਈਲ ਸੈਮੀ ਪਟਿਆਲਾ ਸੀ। ਉਸ ਨੇ ਦੱਸਿਆ ਕਿ ਪੱਗ ਬੰਨ੍ਹਦੇ ਹੀ ਪ੍ਰਧਾਨ ਮੰਤਰੀ ਦੇ ਪਸੰਦ ਆ ਗਈ ਅਤੇ ਉਹ ਖੁਸ਼ ਹੋ ਗਏ।